ਪੱਤਰ ਪ੍ਰੇਰਕ
ਚੰਡੀਗੜ੍ਹ, 3 ਜੂਨ
ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀਐੱਸਆਈਈਸੀ) ਸਟਾਫ਼ ਐਸੋਸੀਏਸ਼ਨ ਦੇ ਅਹੁਦੇਦਾਰਾਂ ਦਾ ਵਫ਼ਦ ਸੈਕਟਰ 17 ਸਥਿਤ ਉਦਯੋਗ ਭਵਨ ਵਿੱਚ ਆਮ ਆਦਮੀ ਪਾਰਟੀ ਦੇ ਮੁਲਾਜ਼ਮ ਵਿੰਗ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਸਿੱਧੂ ਨੂੰ ਮਿਲਿਆ। ਐਸੋਸੀਏਸ਼ਨ ਦੇ ਜਨਰਲ ਸਕੱਤਰ ਤਾਰਾ ਸਿੰਘ ਨੇ ਦੱਸਿਆ ਕਿ ਮੁਲਾਜ਼ਮ ਆਗੂ ਸਿੱਧੂ ਨੂੰ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ/ ਅਦਾਰਿਆਂ ਵਿੱਚ ਪਹਿਲੀ ਜਨਵਰੀ 2016 ਤੋਂ ਬਾਅਦ ਸਿੱਧੀ ਭਰਤੀ ਰਾਹੀਂ ਨਿਯੁਕਤ ਹੋਏ 3200 ਰੁਪਏ ਤੋਂ ਘੱਟ ਗਰੇਡ-ਪੇਅ ਵਾਲੇ ਚੌਥਾ ਦਰਜਾ ਕਰਮਚਾਰੀਆਂ ਦੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ ਅਤੇ ਦੱਸਿਆ ਕਿ ਇਨ੍ਹਾਂ ਕਰਮਚਾਰੀਆਂ ਦੀਆਂ ਤਨਖਾਹਾਂ ਦਾ ਗਰੇਡ-ਪੇਅ 3200 ਰੁਪਏ ਤੋਂ ਘੱਟ ਹੈ। ਐਸੋਸੀਏਸ਼ਨ ਮੰਗ ਕੀਤੀ ਕਿ ਪਦ-ਉੱਨਤੀ ਵਾਲੀ ਅਸਾਮੀ ਦੇ ਤਨਖਾਹ ਸਕੇਲ ’ਤੇ 15 ਫ਼ੀਸਦੀ ਦਾ ਵਾਧਾ ਲੈਣ ਦੀ ਆਪਸ਼ਨ ਨੂੰ ਬਹਾਲ ਕੀਤਾ ਜਾਵੇ। ਇਸ ਮੌਕੇ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਹਰਕੇਸ਼ ਰਾਣਾ, ਰਣਦੀਪ ਸਿੰਘ, ਬਲਵੰਤ ਸਿੰਘ ਤੇ ਅੰਮ੍ਰਿਤਪਾਲ ਸਿੰਘ ਹਾਜ਼ਰ ਸਨ।
ਮੁਲਾਜ਼ਮ ਆਗੂ ਗੁਰਮੇਲ ਸਿੰਘ ਸਿੱਧੂ ਨੇ ਭਰੋਸਾ ਦਿੱਤਾ ਕਿ ਉਹ ਇਸ ਮਾਮਲੇ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਧਿਆਨ ਵਿਚ ਲਿਆ ਕੇ ਹੱਲ ਕਰਵਾਉਣਗੇ।