ਪੱਤਰ ਪ੍ਰੇਰਕ
ਚੰਡੀਗੜ੍ਹ, 12 ਨਵੰਬਰ
ਪੰਜਾਬ ਯੂਨੀਵਰਸਿਟੀ ਵਿਚ ‘ਪੰਜਾਬ ਵਿਜ਼ਨ- 2047’ ਪ੍ਰੋਗਰਾਮ ਦੌਰਾਨ ਅੱਜ ਦੇਰ ਸ਼ਾਮ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਪਹੁੰਚੇ ਸਨ। ਇਸ ਦੌਰਾਨ ‘ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ’ ਦੀ ਪੰਜ ਮੈਂਬਰੀ ਕਮੇਟੀ ਨੇ ਉਨ੍ਹਾਂ ਨਾਲ ਸੈਨੇਟ ਚੋਣਾਂ ਦੇ ਮਸਲੇ ਬਾਰੇ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਸੌਂਪਿਆ। ਹਰਜੋਤ ਸਿੰਘ ਬੈਂਸ ਨੇ ਯਕੀਨ ਦਿਵਾਇਆ ਅਤੇ ਕਿਹਾ ਕਿ ਪੰਜਾਬ ਸਰਕਾਰ ਇਸ ਮਸਲੇ ’ਤੇ ਵਿਦਿਆਰਥੀਆਂ ਦੇ ਨਾਲ਼ ਹੈ। ਵਿਦਿਆਰਥੀ ਆਗੂਆਂ ਨੇ ਉਨ੍ਹਾਂ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ‘ਇੰਟਰ-ਸਟੇਟ ਬਾਡੀ ਕਾਰਪੋਰੇਟ ਸਟਰੱਕਚਰ’ ਨੂੰ ਬਦਲ ਕੇ ਇਸ ਨੂੰ ਸਟੇਟ ਯੂਨੀਵਰਸਿਟੀ ਐਲਾਨਿਆ ਜਾਵੇ।
ਮੰਤਰੀ ਨੇ ਕਿਹਾ ਕਿ ਜੇ ਹਰਿਆਣਾ ਸਰਕਾਰ ਇਸ ’ਵਰਸਿਟੀ ਨੂੰ ਫੰਡ ਦਿੱਤਾ ਹੋਇਆ ਸਾਬਤ ਕਰ ਦੇਵੇ ਤਾਂ ਸੰਨ 1966 ਤੋਂ ਲੈ ਕੇ ਹੁਣ ਤੱਕ ਜਿੰਨਾ ਪੈਸਾ ਵੀ ਹਰਿਆਣਾ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਨੂੰ ਦਿੱਤਾ ਹੈ, ਉਹ ਸਾਰਾ ਪੈਸਾ ਪੰਜਾਬ ਸਰਕਾਰ ਸਣੇ ਵਿਆਜ ਵਾਪਸ ਮੋੜਨ ਲਈ ਤਿਆਰ ਹੈ। ਇਸ ਦੇ ਨਾਲ਼ ਹੀ ਉਨ੍ਹਾਂ ਕਿਹਾ ਕਿ ਇਸ ਵਿਰਾਸਤੀ ਯੂਨੀਵਰਸਿਟੀ ਨੂੰ ਪੰਜਾਬ ਸੂਬੇ ਦੀ ਯੂਨੀਵਰਸਿਟੀ ਵਜੋਂ ਐਲਾਨਣ ਲਈ ਵਿਧਾਨ ਸਭਾ ਵਿੱਚ ਮਤਾ ਵੀ ਪਾਸ ਕੀਤਾ ਜਾਵੇਗਾ ਅਤੇ ਮਸਲੇ ਦਾ ਪੱਕੇ ਤੌਰ ’ਤੇ ਹੱਲ ਕੱਢਿਆ ਜਾਵੇਗਾ।
ਸ੍ਰੀ ਸੌਂਦ ਨੇ ਕਿਹਾ ਕਿ ਉਹ ਇਸ ਮਸਲੇ ਬਾਰੇ ਐਡਵੋਕੇਟ ਜਨਰਲ ਪੰਜਾਬ ਨਾਲ ਇਸ ਮਸਲੇ ਉਤੇ ਵਿਚਾਰ ਵਟਾਂਦਰਾ ਕਰ ਕੇ ਇੱਕ ਪੂਰਾ ਕੇਸ ਤਿਆਰ ਕਰਨਗੇ। ਉਸ ਵਿੱਚ ਉਨ੍ਹਾਂ ਵਿਦਿਆਰਥੀਆਂ ਦਾ ਇੱਕ ਨੁਮਾਇੰਦਾ ਵੀ ਧਿਰ ਬਣਾਉਣ ਦੀ ਗੱਲ ਆਖੀ ਹੈ।