ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 11 ਨਵੰਬਰ
ਚੰਡੀਗੜ੍ਹ ਨਗਰ ਨਿਗਮ ਨੇ ਇੱਕ ਵਿਦਿਆਰਥੀ ਦੀ ਵਟਸਐਪ ’ਤੇ ਮਿਲੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਪਾਰਕਿੰਗ ਠੇਕੇਦਾਰ ਨੂੰ ਸਾਢੇ ਸੱਤ ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ ਹੈ। ਚੰਡੀਗੜ੍ਹ ਨਗਰ ਨਿਗਮ ਪੇਡ ਪਾਰਕਿੰਗ ਸਾਈਟਾਂ ’ਤੇ ਵੱਧ ਵਸੂਲੀ ਦੇ ਮੁੱਦਿਆਂ ’ਤੇ ਸਖ਼ਤ ਹੈ। ਅੱਜ ਨਿਗਮ ਨਿਗਮ ਨੇ ਇੱਥੇ ਸੈਕਟਰ 22 ਸੀ ਵਿੱਚ ਕਿਰਨ ਸਿਨੇਮਾ ਨਾਲ ਲਗਦੀ ਪੇਡ ਪਾਰਕਿੰਗ ਵਿੱਚ ਕਾਰਵਾਈ ਕਰਦਿਆਂ ਪਾਰਕਿੰਗ ਠੇਕੇਦਾਰ ਨੂੰ ਤੈਅ ਪਾਰਕਿੰਗ ਫੀਸ ਤੋਂ ਵੱਧ ਵਸੂਲੀ ਨੂੰ ਲੈ ਕੇ ਮਿਲੀ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕੀਤੀ।
ਜਾਣਕਾਰੀ ਅਨੁਸਾਰ ਪਿਛਲੇ ਹਫਤੇ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਅਰਸ਼ਦੀਪ ਨਾਮ ਦੇ ਇੱਕ ਵਿਦਿਆਰਥੀ ਵੱਲੋਂ ਨਗਰ ਨਿਗਮ ਕਮਿਸ਼ਨਰ ਦੇ ਵਟਸਐਪ ਨੰਬਰ ’ਤੇ ਪਾਰਕਿੰਗ ਠੇਕੇਦਾਰ ਵੱਲੋਂ ਵੱਧ ਵਸੂਲੀ ਦੀ ਸ਼ਿਕਾਇਤ ਪ੍ਰਾਪਤ ਹੋਈ। ਅਰਸ਼ਦੀਪ ਨੇ ਸ਼ਿਕਾਇਤ ਵਿੱਚ ਲਿਖਿਆ ਕਿ ਉਸ ਨੇ ਇੱਥੇ ਸੈਕਟਰ 22 ਸੀ ਸਥਿਤ ਕਿਰਨ ਸਿਨੇਮਾ ਦੇ ਨਾਲ ਦੀ ਪਾਰਕਿੰਗ ਵਿੱਚ ਆਪਣਾ ਵਾਹਨ ਪਾਰਕ ਕੀਤਾ ਸੀ। ਇੱਥੇ ਪਾਰਕਿੰਗ ਦੇ ਕਰਿੰਦੇ ਨੇ ਉਸ ਕੋਲੋਂ ਨਿਗਮ ਵੱਲੋਂ ਤੈਅ ਪਾਰਕਿੰਗ ਫੀਸ ਤੋਂ ਵੱਧ ਵਸੂਲੀ ਕੀਤੀ। ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦਿਆਂ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਨਿਗਮ ਦੀ ਟੀਮ ਨੂੰ ਸ਼ਿਕਾਇਤ ਦੇ ਤੱਥਾਂ ਦੀ ਪੜਤਾਲ ਕਰਕੇ ਸਬੰਧਤ ਠੇਕੇਦਾਰ ਖਿਲਾਫ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਨਿਗਮ ਦੀ ਟੀਮ ਵੱਲੋਂ ਕੀਤੀ ਗਈ ਘੋਖ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਵਿਦਿਆਰਥੀ ਅਰਸ਼ਦੀਪ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਪਾਰਕਿੰਗ ਠੇਕੇਦਾਰ ਨੇ ਉਸ ਕੋਲੋਂ ਪਾਰਕਿੰਗ ਲਈ 12 ਰੁਪਏ ਦੀ ਥਾਂ ਤੇ 30 ਰੁਪਏ ਵਸੂਲੇ ਸਨ। ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਵਟਸਐਪ ’ਤੇ ਸ਼ਿਕਾਇਤ ਮਿਲਣ ਤੋਂ ਤੁਰੰਤ ਬਾਅਦ ਘਟਨਾ ਦੇ ਤੱਥਾਂ ਦੇ ਵੇਰਵੇ ਦੇਣ ਦੇ ਆਦੇਸ਼ ਦਿੱਤੇ ਅਤੇ ਨਗਰ ਨਿਗਮ ਦੀ ਜਾਂਚ ਟੀਮ ਨੇ ਪਾਇਆ ਕਿ ਠੇਕੇਦਾਰ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਵਾਧੂ ਵਸੂਲੀ ਦੇ ਨਿਯਮਾਂ ਦੀ ਚੌਥੀ ਵਾਰ ਉਲੰਘਣਾ ਕਰਨ ’ਤੇ ਤੈਅ ਨਿਯਮਾਂ ਅਨੁਸਾਰ ਪਾਰਕਿੰਗ ਦੇ ਠੇਕੇਦਾਰ ਨੂੰ ਸਾਢੇ ਸੱਤ ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ।