ਪੱਤਰ ਪ੍ਰੇਰਕ
ਘਨੌਲੀ, 11 ਜੁਲਾਈ
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ 5 ਨੰਬਰ ਯੂਨਿਟ ਦੀ ਕੋਲਾ ਮਿੱਲ ਨੇੜੇ ਬੀਤੀ ਦੇਰ ਰਾਤ ਅੱਗ ਲੱਗ ਗਈ। ਥਰਮਲ ਪਲਾਂਟ ਦੇ ਅੱਗ ਬੁਝਾਊ ਦਸਤੇ ਨੇ ਅੱਗ ’ਤੇ ਤੁਰੰਤ ਕਾਬੂ ਪਾ ਲਿਆ, ਜਿਸ ਕਰਕੇ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਅੱਗ ਲੱਗਣ ਕਾਰਨ ਮਿੱਲ ਦੀ ਸਫਾਈ ਕਰਨ ਲਈ 5 ਨੰਬਰ ਯੂਨਿਟ ਦਾ ਬਿਜਲੀ ਉਤਪਾਦਨ ਬੰਦ ਕੀਤਾ ਗਿਆ ਤੇ ਯੂਨਿਟ ਨੰਬਰ 3 ਚਲਾਇਆ ਗਿਆ। ਥਰਮਲ ਪਲਾਂਟ ਦੇ ਇੰਜਨੀਅਰਾਂ ਦੀ ਟੀਮ ਨੇ ਬਾਅਦ ਦੁਪਹਿਰ 5 ਨੰਬਰ ਯੂਨਿਟ ਨੂੰ ਵੀ ਮੁੜ ਚਾਲੂ ਕਰਕੇ ਬਿਜਲੀ ਉਤਪਾਦਨ ਸ਼ੁਰੂ ਕਰ ਦਿੱਤਾ। ਥਰਮਲ ਪਲਾਂਟ ਰੂਪਨਗਰ ਦੇ ਮੁੱਖ ਇੰਜੀਨੀਅਰ ਰਵੀ ਵਧਵਾ ਨੇ ਕਿਹਾ ਕਿ ਥਰਮਲ ਪਲਾਂਟ ਦੇ ਅੱਗ ਬੁਝਾਊ ਦਸਤੇ ਦੇ ਮੈਂਬਰਾਂ ਨੇ ਤੁਰੰਤ ਅੱਗ ਬੁਝਾ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਇਸ ਨਾਲ ਥਰਮਲ ਪਲਾਂਟ ਦੇ ਬਿਜਲੀ ਉਤਪਾਦਨ ’ਤੇ ਵੀ ਕੋਈ ਅਸਰ ਨਹੀਂ ਪਿਆ।