ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 30 ਜੁਲਾਈ
ਮੁਹਾਲੀ ਵਿੱਚ ਔਰਤਾਂ ਦੇ ਗਹਿਣੇ ਲੁੱਟਣ ਵਾਲੀਆਂ ਔਰਤਾਂ ਦਾ ਗਰੋਹ ਮੁੜ ਸਰਗਰਮ ਹੋ ਗਿਆ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਔਰਤਾਂ ਦੇ ਗਰੋਹ ਨੇ ਇੱਕ ਮਹਿਲਾ ਅਧਿਆਪਕਾ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਦੀਆਂ ਬਾਹਾਂ ’ਚੋਂ ਸੋਨੇ ਦੀਆਂ ਚੂੜੀਆਂ ਲਾਹ ਲਈਆਂ। ਇਸ ਸਬੰਧੀ ਪੀੜਤ ਅਧਿਆਪਕਾ ਦੇ ਪਤੀ ਗੁਰਚਰਨ ਸਿੰਘ ਵਾਸੀ ਸੈਕਟਰ-115 ਨੇ ਸੋਹਾਣਾ ਥਾਣੇ ਵਿੱਚ ਲਿਖਤੀ ਸ਼ਿਕਾਇਤ ਦਿੰਦਿਆਂ ਦੱਸਿਆ ਕਿ ਉਸ ਦੀ ਪਤਨੀ ਬਲਬੀਰ ਕੌਰ ਸਰਕਾਰੀ ਸਕੂਲ ਦੀ ਅਧਿਆਪਕਾ ਹੈ। ਬੀਤੇ ਦਿਨੀਂ ਰੋਜ਼ਾਨਾ ਵਾਂਗ ਲਾਂਡਰਾਂ ਤੋਂ ਬਨੂੜ ਡਿਊਟੀ ’ਤੇ ਜਾਣ ਲਈ ਪੀਆਰਟੀਸੀ ਦੀ ਬੱਸ ਵਿੱਚ ਸਵਾਰ ਹੋਈ ਤਾਂ ਉੱਥੇ ਪਹਿਲਾਂ ਤੋਂ ਖੜ੍ਹੀਆਂ 6-7 ਔਰਤਾਂ ਵੀ ਬੱਸ ਵਿੱਚ ਚੜ੍ਹ ਗਈਆਂ। ਉਕਤ ਔਰਤਾਂ ਨੇ ਰਸਤੇ ਵਿੱਚ ਉਸ ਨੂੰ ਕੋਈ ਨਸ਼ੀਲਾ ਪਦਾਰਥ ਸੁੰਘਾ ਦਿੱਤਾ, ਜਿਸ ਕਾਰਨ ਉਹ ਬੇਹੋਸ਼ ਹੋ ਗਈ। ਜਦੋਂ ਉਸ ਨੂੰ ਸੁਰਤ ਆਈ ਤਾਂ ਉਸ ਦੀਆਂ ਦੋ ਸੋਨੇ ਦੀਆਂ ਚੂੜੀਆਂ ਗਾਇਬ ਸਨ, ਜਿਨ੍ਹਾਂ ਦਾ ਵਜ਼ਨ ਢਾਈ ਤੋਲੇ ਸੀ।