ਸੁਖਵਿੰਦਰ ਪਾਲ ਸਿੰਘ ਸੋਢੀ
ਚੰਡੀਗੜ੍ਹ, 8 ਨਵੰਬਰ
ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ) ਵਿੱਚ ਅੱਜ ਤਿੰਨ ਰੋਜ਼ਾ ਪੈੱਕਫੈਸਟ ਸ਼ੁਰੂ ਹੋਇਆ। ਇਸ ਮੌਕੇ ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਤੇ ਸਾਬਕਾ ਵਿਦਿਆਰਥੀਆਂ ਨੇ ਪੇਸ਼ਕਾਰੀਆਂ ਦਿੱਤੀਆਂ। ਇਸ ਮੌਕੇ ਮੁੱਖ ਮਹਿਮਾਨ ਵਜੋਂ ਆਈਆਰਐਸ ਅਧਿਕਾਰੀ ਡਿਪਟੀ ਕਮਿਸ਼ਨਰ ਆਫ ਇਨਕਮ ਟੈਕਸ ਅਨਿਰੁਧ ਤੇ ਏਅਰ ਕੋਮੋਡੋਰ ਸ੍ਰੀਵਾਸਤਵਾ ਨੇ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਦਾ ਉਤਸ਼ਾਹ ਵਧਾਇਆ। ਸਮਾਗਮ ਦੀ ਸ਼ੁਰੂਆਤ ਮੌਕੇ ਡੀਨ ਆਫ ਸਟੂਡੈਂਟ ਅਫੇਅਰਜ਼ (ਡੀਐਸਏ) ਪ੍ਰੋ. ਡੀਆਰ ਪ੍ਰਜਾਪਤੀ ਨੇ ਜੀ ਆਇਆਂ ਆਖਿਆ। ਇਸ ਤੋਂ ਬਾਅਦ ਪੈੱਕਫੈਸਟ ਸਬੰਧੀ ਇਕ ਵੀਡੀਓ ਵੀ ਦਿਖਾਈ ਗਈ। ਇਸ ਮੌਕੇ ਪੈੱਕ ਦੇ ਡਾਇਰੈਕਟਰ ਪ੍ਰੋ. ਰਾਜੇਸ਼ ਕੁਮਾਰ ਭਾਟੀਆ ਨੇ ਪੈੱਕ ਦੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਆਈਆਰਐਸ ਅਧਿਕਾਰੀ ਤੇ ਏਅਰ ਕੋਮੋਡੋਰ ਦਾ ਧੰਨਵਾਦ ਕੀਤਾ।
ਇਸ ਮੌਕੇ ਪੈੱਕ ਦੇ ਸ਼ਾਨਦਾਰ ਇਤਿਹਾਸ ਬਾਰੇ ਦਸਤਾਵੇਜ਼ੀ ਦਿਖਾਈ ਗਈ ਜਿਸ ਵਿਚ ਇੰਜਨੀਅਰਿੰਗ ਸਿੱਖਿਆ ਬਾਰੇ ਜਾਗਰੂਕ ਕੀਤਾ ਗਿਆ। ਏਅਰ ਕੋਮੋਡੋਰ ਰਾਜੀਵ ਸ੍ਰੀਵਾਸਤਵ ਨੇ ਪੈੱਕ ਦੇ ਸ਼ਾਨਾਂਮੱਤੇ ਇਤਿਹਾਸ ਤੇ ਵਿਦਿਆਰਥੀਆਂ ਦੀ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਇਸ ਤੋਂ ਬਾਅਦ ਸ੍ਰੀ ਅਨਿਰੁਧ ਨੇ ਵਿਦਿਆਰਥੀਆਂ ਨੂੰ ਪੈੱਕ ਵਿੱਚ ਮਿਲਦੇ ਮੌਕਿਆਂ ਦਾ ਪੂਰਾ ਫ਼ਾਇਦਾ ਲੈਣ ਲਈ ਪ੍ਰੇਰਿਤ ਕੀਤਾ। ਇਹ ਮੌਕੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।
ਪੈੱਕ ਨੂੰ 7.14 ਕਰੋੜ ਰੁਪਏ ਦੀ ਗਰਾਂਟ ਮਿਲੀ
ਪੈੱਕ ਦੇ ਡਾਇਰੈਕਟਰ ਰਾਜੇਸ਼ ਕੁਮਾਰ ਭਾਟੀਆ ਨੇ ਇਸ ਮੌਕੇ ਦੱਸਿਆ ਕਿ ਪੈੱਕ ਨੂੰ ਕੇਂਦਰ ਵਲੋਂ 7.14 ਕਰੋੜ ਰੁਪਏ ਦੀ ਗਰਾਂਟ ਮਿਲੀ ਹੈ ਜਿਸ ਨਾਲ ਖੋਜ ਸਬੰਧੀ ਪ੍ਰਾਜੈਕਟਾਂ ਨੂੰ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੈੱਕ ਦੇ ਵਿਦਿਆਰਥੀਆਂ ਨੇ ਪਿਛਲੇ ਕੁਝ ਸਾਲਾਂ ਵਿਚ ਸ਼ਾਨਾਦਾਰ ਪ੍ਰਾਪਤੀਆਂ ਕੀਤੀਆਂ ਹਨ ਤੇ ਪੈੱਕ ਦੇ ਵਿਗਿਆਨੀਆਂ ਦਾ ਨਾਂ ਸਿਖਰ ਦੇ ਵਿਗਿਆਨੀਆਂ ਵਿੱਚ ਸ਼ਾਮਲ ਹੋਇਆ ਹੈ।