ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 26 ਮਈ
ਸੈਂਟਰਲ ਬੋਰਡ ਫਾਰ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਪ੍ਰੈਕਟੀਕਲ ਅੰਕ ਅਪਲੋਡ ਕਰਨ ਲਈ ਸਕੂਲਾਂ ਨੂੰ ਆਖਰੀ ਮੌਕਾ ਦਿੱਤਾ ਹੈ। ਇਸ ਤੋਂ ਪਹਿਲਾਂ ਵੱਡੀ ਗਿਣਤੀ ਸਕੂਲ ਆਪਣੇ ਵਿਦਿਆਰਥੀਆਂ ਦੇ ਅੰਕ ਅਪਲੋਡ ਨਹੀਂ ਕਰ ਸਕੇ ਸਨ ਤੇ ਉਨ੍ਹਾਂ ਨੇ ਬੋਰਡ ਤੋਂ ਹੋਰ ਸਮਾਂ ਮੰਗਿਆ ਸੀ। ਬੋਰਡ ਨੇ ਪਹਿਲਾਂ ਸਕੂਲਾਂ ਨੂੰ ਸਬੰਧਤ ਜਮਾਤ ਦੀ ਆਖਰੀ ਪ੍ਰੀਖਿਆ ਦੀ ਸਮਾਪਤੀ ਤੋਂ 10 ਦਿਨ ਪਹਿਲਾਂ ਪ੍ਰੈਕਟੀਕਲ ਤੇ ਅੰਦਰੂਨੀ ਮੁਲਾਂਕਣ ਦੇ ਅੰਕ ਅਪਲੋਡ ਕਰਨ ਲਈ ਕਿਹਾ ਸੀ। ਹੁਣ ਬੋਰਡ ਨੇ ਅੰਕ ਅਪਲੋਡ ਕਰਨ ਦਾ ਪੋਰਟਲ ਦੁਬਾਰਾ ਖੋਲ੍ਹ ਦਿੱਤਾ ਹੈ। ਸਕੂਲ ਦਸਵੀਂ ਜਮਾਤ ਲਈ ਅੰਕ 27 ਤੋਂ 31 ਮਈ ਅਤੇ 12ਵੀਂ ਜਮਾਤ ਲਈ 5 ਜੂਨ ਤੱਕ ਅਪਲੋਡ ਕਰ ਸਕਦੇ ਹਨ। ਬੋਰਡ ਨੇ ਇਹ ਵੀ ਸਪੱਸ਼ਟ ਕੀਤਾ ਹੈ ਇਸ ਤੋਂ ਬਾਅਦ ਤਰੀਕ ਨਹੀਂ ਵਧਾਈ ਜਾਵੇਗੀ।
ਬੋਰਡ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹਾਲੇ ਤੱਕ ਦਸਵੀਂ ਜਮਾਤ ਦੇ ਟਰਮ-1 ਦੇ 39 ਸਕੂਲਾਂ ਅਤੇ ਟਰਮ-2 ਦੇ 537 ਸਕੂਲਾਂ ਨੇ ਪ੍ਰੈਕਟੀਕਲ, ਪ੍ਰਾਜੈਕਟ ਅਤੇ ਅੰਦਰੂਨੀ ਅੰਕ ਅਪਲੋਡ ਨਹੀਂ ਕੀਤੇ ਹਨ। ਇਸੇ ਤਰ੍ਹਾਂ 12ਵੀਂ ਜਮਾਤ ਦੇ ਟਰਮ-1 ਦੇ 141 ਸਕੂਲਾਂ ਅਤੇ ਟਰਮ-2 ਦੇ 185 ਸਕੂਲਾਂ ਨੇ ਹਾਲੇ ਤੱਕ ਅੰਕ ਬੋਰਡ ਨੂੰ ਨਹੀਂ ਭੇਜੇ। ਦੱਸਣਯੋਗ ਹੈ ਕਿ ਟਰਮ-1 ਅਤੇ ਟਰਮ-2 ਤੋਂ ਇਲਾਵਾ ਪ੍ਰੈਕਟੀਕਲ ਵਿਸ਼ਿਆਂ ਦੇ ਅੰਕ ਜੋੜ ਕੇ ਨਤੀਜਾ ਐਲਾਨਿਆ ਜਾਵੇਗਾ। ਹਾਲਾਂਕਿ ਸੀਬੀਐੱਸਈ ਨੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਕਿਸ ਟਰਮ ਦੇ ਕਿੰਨੇ ਅੰਕ ਦਿੱਤੇ ਜਾਣਗੇ, ਪਰ ਮੁਹਾਲੀ ਦੇ ਅਧਿਕਾਰੀਆਂ ਮੁਤਾਬਕ ਟਰਮ-1 ਅਤੇ ਟਰਮ-2 ਦੇ ਬਰਾਬਰ-ਬਰਾਬਰ ਅੰਕ ਦਿੱਤੇ ਜਾਣਗੇ। ਬੋਰਡ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇ ਕੋਈ ਵਿਦਿਆਰਥੀ ਟਰਮ 1 ਅਤੇ ਟਰਮ 2 ਦੋਵਾਂ ਵਿੱਚ ਗ਼ੈਰਹਾਜ਼ਰ ਰਹਿੰਦਾ ਹੈ ਤਾਂ ਬੋਰਡ ਉਸ ਦਾ ਨਤੀਜਾ ਨਹੀਂ ਐਲਾਨੇਗਾ ਤੇ ਵਿਦਿਆਰਥੀਆਂ ਲਈ ਅਗਲੇ ਸਾਲ ਪ੍ਰੀਖਿਆ ਦੇਣੀ ਲਾਜ਼ਮੀ ਹੋਵੇਗੀ।
ਬੋਰਡ ਵੱਲੋਂ ਪ੍ਰੀਖਿਆਵਾਂ ਦਾ ਜਲਦੀ ਮੁਲਾਂਕਣ ਕਰਨ ਦੀ ਹਦਾਇਤ
ਸੀਬੀਐੱਸਈ ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ ਸਮਾਪਤ ਹੋ ਗਈਆਂ ਹਨ। ਬੋਰਡ ਨੇ ਇਸ ਜਮਾਤ ਦੀ ਪ੍ਰੀਖਿਆ ਦਾ ਜਲਦੀ ਮੁਲਾਂਕਣ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ 10ਵੀਂ ਜਮਾਤ ਦੀਆਂ ਜ਼ਿਆਦਾਤਰ ਪ੍ਰੀਖਿਆਵਾਂ ਲਈ ਮੁਲਾਂਕਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਇਸ ਸਾਲ ਅਧਿਆਪਕਾਂ ਨੂੰ ਵੱਧ ਉੱਤਰ ਪੱਤਰੀਆਂ ਦੀ ਜਾਂਚ ਕਰਨ ਦਾ ਕੰਮ ਸੌਂਪਿਆ ਗਿਆ ਸੀ ਕਿਉਂਕਿ ਹਰ ਪ੍ਰੀਖਿਆ ਦੇ ਅੰਕ ਪਿਛਲੀ ਵਾਰ ਨਾਲੋਂ ਘੱਟ ਸਨ।