ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 16 ਮਈ
ਸ਼ਹਿਰ ’ਚੋਂ ਲੰਘਦੇ ਗੰਦੇ ਪਾਣੀ ਦੇ ਨਾਲੇ ਦੇ ਕੰਢੇ ਝਾੜੀਆਂ ’ਚੋਂ ਪੁਲੀਸ ਨੂੰ ਨਵਜੰਮੀ ਬੱਚੀ ਮਿਲੀ ਹੈ। ਪੁਲੀਸ ਨੂੰ ਇਸ ਘਟਨਾ ਦੀ ਜਾਣਕਾਰੀ ਰਾਹਗੀਰਾਂ ਨੇ ਫੋਨ ’ਤੇ ਦਿੱਤੀ ਅਤੇ ਸੂਚਨਾ ਮਿਲਦਿਆਂ ਹੀ ਫੇਜ਼-11 ਥਾਣਾ ਦੇ ਐਸਐਚਓ ਜਗਦੀਪ ਸਿੰਘ ਬਰਾੜ ਤੇ ਤਫ਼ਤੀਸ਼ੀ ਅਫ਼ਸਰ ਏਐਸਆਈ ਨਿਰਮਲ ਸਿੰਘ ਮੌਕੇ ’ਤੇ ਪਹੁੰਚੇ ਅਤੇ ਨਵਜੰਮੀ ਬੱਚੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਜਦੋਂ ਪੁਲੀਸ ਮੌਕੇ ’ਤੇ ਪਹੁੰਚੀ ਤਾਂ ਉੱਥੇ ਦੋ ਔਰਤਾਂ ਅਤੇ ਕੁਝ ਹੋਰ ਵਿਅਕਤੀ ਇਸ ਬੱਚੀ ਨੂੰ ਸੰਭਾਲ ਰਹੇ ਸਨ। ਇਹ ਬੱਚੀ ਮਹਿਜ਼ 10 ਕੁ ਦਿਨਾਂ ਦੀ ਜਾਪਦੀ ਹੈ। ਪੁਲੀਸ ਤੁਰੰਤ ਇਸ ਬੱਚੀ ਨੂੰ ਸ਼ਹਿਰ ਦੇ ਇਕ ਨੇੜਲੇ ਨਿੱਜੀ ਹਸਪਤਾਲ ਵਿੱਚ ਲੈ ਕੇ ਪਹੁੰਚੀ ਅਤੇ ਡਾਕਟਰਾਂ ਨੇ ਮੁੱਢਲੀ ਮੈਡੀਕਲ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਸਰਕਾਰੀ ਹਸਪਤਾਲ ਫੇਜ਼-6 ਵਿੱਚ ਭੇਜ ਦਿੱਤਾ ਜਿੱਥੇ ਨਰਸਾਂ ਵੱਲੋਂ ਬੱਚੀ ਦੀ ਦੇਖਭਾਲ ਕੀਤੀ ਜਾ ਰਹੀ ਹੈ।
ਉਧਰ, ਪੁਲੀਸ ਨੇ ਸ਼ਹਿਰ ਅਤੇ ਆਸ-ਪਾਸ ਇਲਾਕੇ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਜਾ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਪਿਛਲੇ 10-12 ਦਿਨਾਂ ਦੇ ਵਿੱਚ ਕਿਹੜੇ ਹਸਪਤਾਲਾਂ ਵਿੱਚ ਕਿੰਨੇ ਜਣੇਪੇ ਹੋਏ ਹਨ ਅਤੇ ਸਬੰਧਤ ਔਰਤਾਂ ਕਿੱਥੋਂ ਦੀਆਂ ਰਹਿਣ ਵਾਲੀਆਂ ਸਨ।
ਉਂਜ ਇਸ ਸਬੰਧੀ ਪੁਲੀਸ ਨੇ ਅਣਪਛਾਤੇ ਮਾਂ-ਬਾਪ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸਮੁੱਚੇ ਘਟਨਾਕ੍ਰਮ ਦੀ ਜਾਣਕਾਰੀ ਉੱਚ ਅਧਿਕਾਰੀਆਂ ਸਮੇਤ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੂੰ ਅਗਲੀ ਕਾਰਵਾਈ ਲਈ ਭੇਜ ਦਿੱਤੀ ਹੈ।