ਸਰਬਜੀਤ ਸਿੰਘ ਭੱਟੀ
ਲਾਲੜੂ, 12 ਨਵੰਬਰ
ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਪਿੰਡ ਝਰਮੜੀ ਨੇੜੇ ਲਾਲੜੂ ਪੁਲੀਸ ਨੇ ਵਿਸ਼ੇਸ਼ ਨਾਕੇ ਦੌਰਾਨ ਬੱਸਾਂ ਦੀ ਤਲਾਸ਼ੀ ਲੈਣ ਸਮੇਂ ਇਕ ਵਿਅਕਤੀ ਨੂੰ 49 ਲੱਖ 94 ਹਜ਼ਾਰ ਰੁਪਏ ਦੀ ਨਕਦੀ ਸਮੇਤ ਹਿਰਾਸਤ ਵਿੱਚ ਲਿਆ। ਬਾਅਦ ਵਿੱਚ ਉਸ ਨੂੰ ਅਗਲੀ ਕਾਰਵਾਈ ਲਈ ਆਮਦਨ ਕਰ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ, ਜੋ ਮਾਮਲੇ ਦੀ ਜਾਂਚ ਕਰ ਰਹੇ ਹਨ।
ਥਾਣਾ ਮੁਖੀ ਲਾਲੜੂ ਜਸਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਐਸ.ਆਈ ਰਾਜਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਝਰਮੜੀ ਨੇੜੇ ਨਾਕਾ ਲਾ ਕੇ ਅੰਬਾਲੇ ਵੱਲੋਂ ਆਉਣ ਵਾਲੀ ਬੱਸਾਂ ਦੀ ਚੈਕਿੰਗ ਕਰ ਰਹੀ ਸੀ, ਇਸੇ ਦੌਰਾਨ ਇਕ ਸੀ.ਟੀ.ਯੂ ਦੀ ਬੱਸ ਵਿੱਚ ਸਵਾਰ ਇਕ ਵਿਅਕਤੀ ਦੇ ਬੈਗ ਦੀ ਸ਼ੱਕ ਦੇ ਆਧਾਰ ’ਤੇ ਤਲਾਸ਼ੀ ਲਈ, ਜਿਸ ਵਿੱਚੋਂ ਵੱਡੀ ਗਿਣਤੀ ਵਿੱਚ ਨਕਦੀ ਬਰਾਮਦ ਹੋਈ। ਤਲਾਸ਼ੀ ਲੈਣ ਵਾਲੇ ਵਿਅਕਤੀ ਦੀ ਪਹਿਚਾਣ ਅਕਸ਼ੈ ਕੁਮਾਰ ਵਾਸੀ ਬਨਾਰਸ, ਜ਼ਿਲ੍ਹਾ ਬੀਕਾਨੇਰ, ਰਾਜਸਥਾਨ ਵਜੋਂ ਹੋਈ ਹੈ। ਇਸ ਦੀ ਸੂਚਨਾ ਪੁਲੀਸ ਨੇ ਤੁਰੰਤ ਆਮਦਨ ਕਰ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਦਿੱਤੀ, ਜਿਨ੍ਹਾਂ ਦੀ ਟੀਮ ਨੇ ਨਗਦੀ ਦੀ ਗਿਣਤੀ ਕੀਤੀ, ਜੋ 49 ਲੱਖ 94 ਹਜਾਰ ਰੁਪਏ ਹੋਈ। ਕਾਬੂ ਕੀਤੇ ਵਿਅਕਤੀ ਨੇ ਦੱਸਿਆ ਕਿ ਉਹ ਜੀਤੂ ਨਾਂ ਦੇ ਵਿਅਕਤੀ ਕੋਲ ਨੌਕਰੀ ਕਰਦਾ ਹੈ, ਜਿਸ ਨੇ ਉਸ ਨੂੰ ਉਕਤ ਕੈਸ਼ ਦੇ ਕੇ ਬੱਸ ਰਾਹੀਂ ਚੰਡੀਗੜ੍ਹ ਜਾਣ ਲਈ ਕਿਹਾ ਸੀ ਅਤੇ ਫੋਨ ਕਰਕੇ ਉਕਤ ਨਗਦੀ ਕਿਸੇ ਬੰਦੇ ਦੇ ਹਵਾਲੇ ਕਰਨੀ ਸੀ, ਜਿਸ ਬਾਰੇ ਉਸ ਨੂੰ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ। ਇਹ ਮਾਮਲਾ ਅਜੇ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਦੇ ਵਿਚਾਰ ਅਧੀਨ ਹੈ, ਜੋ ਆਪਣੇ ਪੱਧਰ ’ਤੇ ਜਾਂਚ ਕਰ ਰਹੇ ਹਨ ਅਤੇ ਜਾਂਚ ਮਗਰੋਂ ਬਣਦੀ ਕਾਰਵਾਈ ਕੀਤੀ ਜਾਵੇਗੀ।