ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 11 ਜੂਨ
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਸਫ਼ਾਈ ਵਿਵਸਥਾ ਬਦਤਰ ਹੋਣ ਬਾਰੇ ਮੀਡੀਆ ਵਿੱਚ ਖ਼ਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਮੁਹਾਲੀ ਨਗਰ ਨਿਗਮ ਨੇ ਅਹਿਮ ਫ਼ੈਸਲੇ ਲਏ ਹਨ। ਪੰਜਾਬੀ ਟ੍ਰਿਬਿਊਨ ਨੇ ਅੱਜ ‘ਮੁਹਾਲੀ ਵਿੱਚ ਸਾਫ਼-ਸਫ਼ਾਈ ਦੀ ਹਾਲਤ ਬਦਤਰ’ ਸਿਰਲੇਖ ਹੇਠ ਖ਼ਬਰ ਛਾਪੀ ਹੈ। ਅੱਜ ਸਵੇਰੇ ਦਫ਼ਤਰ ਖੁੱਲ੍ਹਦੇ ਨਗਰ ਨਿਗਮ ਅਧਿਕਾਰੀ ਅਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਸਿਰਜੋੜ ਕੇ ਬੈਠੇ ਅਤੇ ਇਸ ਮਸਲੇ ’ਤੇ ਲੰਬੀ ਵਿਚਾਰ-ਚਰਚਾ ਕੀਤੀ।
ਮੀਟਿੰਗ ਵਿੱਚ ਸ਼ਹਿਰ ਵਿੱਚ ਕਾਫ਼ੀ ਥਾਵਾਂ ’ਤੇ ਗੰਦਗੀ ਫੈਲੀ ਹੋਣ ਅਤੇ ਕੂੜੇਦਾਨ ਤੋਂ ਬਾਹਰ ਗੰਦਗੀ ਖਿੱਲਰੀ ਹੋਣ ਤੇ ਕਈ ਮਾਰਕੀਟਾਂ ਵਿੱਚ ਗੰਦਗੀ ਤੇ ਸੜਕਾਂ ਵਿੱਚ ਪਏ ਖੱਡਿਆਂ ਦੇ ਮੁੱਦੇ ਚੁੱਕੇ ਗਏ। ਕੱਲ੍ਹ ਹੀ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸਫ਼ਾਈ ਵਿਵਸਥਾ ’ਤੇ ਸਵਾਲ ਚੁੱਕਦਿਆਂ ਕਮਿਸ਼ਨਰ ਨਵਜੋਤ ਕੌਰ ਨੂੰ ਪੱਤਰ ਲਿਖ ਕੇ ਮਕੈਨੀਕਲ ਸਵੀਪਿੰਗ ਸ਼ੁਰੂ ਨਾ ਕਰਨ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ।
ਅੱਜ ਕਾਰਜਕਾਰੀ ਮੇਅਰ ਅਮਰੀਕ ਸਿੰਘ ਸੋਮਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਤੇ ਕਮਿਸ਼ਨਰ ਨਵਜੋਤ ਕੌਰ ਸਣੇ ਸੈਨੇਟਰੀ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ। ਦੱਸਣਯੋਗ ਹੈ ਕਿ ਮੇਅਰ ਜੀਤੀ ਸਿੱਧੂ ਵਿਦੇਸ਼ ਦੌਰੇ ਕਾਰਨ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਨੂੰ ਕਾਰਜਕਾਰੀ ਮੇਅਰ ਦਾ ਚਾਰਜ ਦਿੱਤਾ ਗਿਆ ਹੈ।
ਸ੍ਰੀ ਬੇਦੀ ਦੇ ਮੁੜ ਸਫ਼ਾਈ ਦਾ ਮੁੱਦਾ ਚੁੱਕਣ ’ਤੇ ਕਾਰਜਕਾਰੀ ਮੇਅਰ ਨੇ ਮੌਕੇ ’ਤੇ ਹੀ ਕਮਿਸ਼ਨਰ ਨੂੰ ਤੁਰੰਤ ਸਫ਼ਾਈ ਵਿਵਸਥਾ ਠੀਕ ਕਰਨ ਦੀਆਂ ਹਦਾਇਤਾਂ ਦਿੱਤੀਆਂ। ਸ੍ਰੀ ਸੋਮਲ ਨੇ ਕਿਹਾ ਕਿ ਮਾਰਕੀਟਾਂ ਵਿੱਚ ਸਫ਼ਾਈ ਨਹੀਂ ਹੋ ਰਹੀ। ਲਿਹਾਜ਼ਾ ਮਾਰਕੀਟਾਂ ਵਿੱਚ ਫੌਰੀ ਸਫ਼ਾਈ ਲਈ ਵੱਖਰਾ ਟੈਂਡਰ ਕੱਢਿਆ ਜਾਵੇ। ਇਹ ਫ਼ੈਸਲਾ ਵੀ ਕੀਤਾ ਕਿ ਮੁੱਖ ਮਾਰਕੀਟਾਂ ਵਿੱਚ ਸਫ਼ਾਈ ਕਰਮਚਾਰੀ ਕੂੜਾ ਚੁੱਕਣ ਦੇ ਨਾਲ-ਨਾਲ ਦੁਕਾਨਾਂ ਤੋਂ ਕੂੜਾ ਚੁੱਕਣਗੇ। ਉਨ੍ਹਾਂ ਹਦਾਇਤ ਕੀਤੀ ਲੋੜ ਅਨੁਸਾਰ ਹੋਰ ਸਫ਼ਾਈ ਸੇਵਕ ਲਏ ਜਾਣ। ਉਨ੍ਹਾਂ ਕਿਹਾ ਕਿ ਠੇਕੇਦਾਰ ਨੂੰ ਮਸ਼ੀਨਰੀ ਲਿਆਉਣ ਲਈ ਦਿੱਤੀ ਮੋਹਲਤ ਦਾ ਸਮਾਂ ਪੂਰਾ ਹੋ ਚੁੱਕਾ ਹੈ ਪਰ ਹਾਲੇ ਤੱਕ ਮਸ਼ੀਨਾਂ ਦਾ ਪ੍ਰਬੰਧ ਨਹੀਂ ਕੀਤਾ ਗਿਆ। ਕਾਰਜਕਾਰੀ ਮੇਅਰ ਨੇ ਕਿਹਾ ਕਿ ਠੇਕੇਦਾਰ ਨੂੰ ਤੁਰੰਤ ਦਫ਼ਤਰ ਸੱਦਿਆ ਜਾਵੇ। ਉਧਰ, ਮਕੈਨੀਕਲ ਠੇਕੇਦਾਰ ਨੇ ਨਿਗਮ ਨੂੰ ਇੱਕ ਚਿੱਠੀ ਲਿਖ ਕੇ ਹੋਰ ਮੋਹਲਤ ਮੰਗੀ ਹੈ।
ਮੀਟਿੰਗ ਵਿੱਚ ਅਸਿਸਟੈਂਟ ਕਮਿਸ਼ਨਰ ਰੰਜੀਵ ਕੁਮਾਰ, ਕੌਂਸਲਰ ਬਲਜੀਤ ਕੌਰ, ਕਮਲਪ੍ਰੀਤ ਸਿੰਘ ਬੰਨੀ, ਕੁਲਵੰਤ ਸਿੰਘ ਕਲੇਰ, ਸਮਾਜ ਸੇਵੀ ਗੁਰਚਰਨ ਸਿੰਘ ਭੰਵਰਾ ਸਮੇਤ ਸੈਨੇਟਰੀ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।