ਖਰੜ (ਪੱਤਰ ਪ੍ਰੇਰਕ): ਨਗਰ ਕੌਂਸਲ ਦੀ ਹਦੂਦ ’ਚ ਆਉਂਦੇ ਪਿੰਡ ਔਜਲਾ ਦੇ ਇੱਕ ਪਰਿਵਾਰ ਦੀ ਸੱਤ ਸਾਲਾਂ ਦੀ ਬੱਚੀ ਦੀ ਪਾਣੀ ਦੇ ਭਰੇ ਟੋਏ ਵਿੱਚ ਡਿੱਗਣ ਕਰ ਕੇ ਮੌਤ ਹੋ ਗਈ। ਮ੍ਰਿਤਕ ਬੱਚੀ ਦੀ ਪਛਾਣ ਅੰਸ਼ਿਕਾ ਵਜੋਂ ਹੋਈ ਹੈ।
ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਬੱਚੀ ਦੇ ਪਿਤਾ ਸੰਜੀਵ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਉਹ ਖਾਨਪੁਰ ਵਿੱਚ ਆਪਣੀ ਦੁਕਾਨ ਬਣਾ ਰਿਹਾ ਹੈ। ਦੁਕਾਨ ਦੇ ਕੋਲ ਹੀ ਇੱਕ ਟੋਆ ਪੁੱਟਿਆ ਹੋਇਆ ਸੀ ਜਿਸ ਵਿੱਚ ਮੀਂਹ ਦਾ ਪਾਣੀ ਭਰਿਆ ਹੋਇਆ ਸੀ। ਉਸ ਦੀ ਸੱਤ ਸਾਲਾਂ ਦੀ ਬੱਚੀ ਬੀਤੇ ਦਿਨ ਪੈਰ ਤਿਲਕਣ ਕਾਰਨ ਕਾਰਨ ਪਾਣੀ ਦੇ ਭਰੇ ਇਸ ਟੋਏ ਵਿੱਚ ਡਿੱਗ ਗਈ। ਉਸ ਨੂੰ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਇਸ ਸਬੰਧ ਵੱਚ ਮ੍ਰਿਤਕ ਬੱਚੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਹੈ।