ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 19 ਅਕਤੂਬਰ
ਕਮਿਸ਼ਨਰ, ਨਗਰ ਨਿਗਮ ਚੰਡੀਗੜ੍ਹ ਅਨਿੰਦਿਤਾ ਮਿਤਰਾ ਨੇ ਅੱਜ ਸੈਕਟਰ-35 ਵਿੱਚ ਪਾਇਲਟ ਕਮਿਊਨਿਟੀ ਪਾਰਕਿੰਗ ਪ੍ਰਾਜੈਕਟ ਨੂੰ ਲਾਗੂ ਕਰਨ ਲਈ ਕਈ ਥਾਵਾਂ ਦਾ ਦੌਰਾ ਕੀਤਾ। ਉਨ੍ਹਾਂ ਦੇ ਨਾਲ ਐਸਐਸਪੀ ਟਰੈਫਿਕ ਮਨੀਸ਼ਾ ਸਣੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਇਸ ਮੌਕੇ ਇਲਾਕਾ ਕੌਂਸਲਰ ਪ੍ਰੇਮ ਲਤਾ, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਅਤੇ ਮਾਰਕੀਟ ਵੈਲਫੇਅਰ ਐਸੋਸੀਏਸ਼ਨਾਂ ਦੇ ਅਹੁਦੇਦਾਰ ਵੀ ਹਾਜ਼ਰ ਸਨ।
ਇਸ ਦੌਰੇ ਦੌਰਾਨ ਟੀਮ ਨੇ ਜਾਂਚ ਕੀਤੀ ਅਤੇ ਦੇਖਿਆ ਕਿ ਸੈਕਟਰ-35 ਡੀ ਵਿੱਚ ਪਾਰਕਿੰਗ ਦੀਆਂ ਕੁਝ ਸਮੱਸਿਆਵਾਂ ਹਨ। ਇਸ ਲਈ ਵਾਹਨਾਂ ਲਈ ਵੱਖ-ਵੱਖ ਐਂਟਰੀ ਅਤੇ ਐਗਜ਼ਿਟ ਦੇ ਨਾਲ-ਨਾਲ ਇੱਕ ਤਰਫ਼ਾ ਟਰੈਫਿਕ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ।
ਕਮਿਸ਼ਨਰ ਨੇ ਅਸਟੇਟ ਦਫ਼ਤਰ ਦੇ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਉਪ-ਨਿਯਮਾਂ ਅਨੁਸਾਰ ਜਨਤਕ ਨੋਟਿਸ ਜਾਰੀ ਕਰਨ ਤਾਂ ਜੋ ਸਥਾਨਕ ਵਸਨੀਕਾਂ ਨੂੰ ਆਪਣੇ ਵਾਹਨਾਂ ਨੂੰ ਆਪਣੀ ਇਮਾਰਤ ਦੇ ਅੰਦਰ ਪਾਰਕ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ। ਇਲਾਕਾ ਵਾਸੀਆਂ ਨੇ ਸਕੂਲ ਪ੍ਰਬੰਧਕਾਂ ਤੋਂ ਮੰਗ ਕੀਤੀ ਕਿ ਬੱਸਾਂ ਨੂੰ ਸਕੂਲਾਂ ਦੀਆਂ ਖੁੱਲ੍ਹੀਆਂ ਥਾਵਾਂ ਨੇੜੇ ਖੜ੍ਹੀਆਂ ਕਰਨ ਦੀ ਹਦਾਇਤ ਕੀਤੀ ਜਾਵੇ। ਐੱਸਐੱਸਪੀ ਟਰੈਫਿਕ ਨੇ ਸ਼ਹਿਰੀਆਂ ਨੂੰ ਭਰੋਸਾ ਦਿਵਾਇਆ ਕਿ ਟਰੈਫਿਕ ਦੇ ਬਿਹਤਰ ਪ੍ਰਬੰਧ ਲਈ ਸਕੂਲ ਪ੍ਰਬੰਧਕਾਂ ਨਾਲ ਵਰਕਸ਼ਾਪ ਕਰਵਾਈ ਜਾਵੇਗੀ।