ਪੱਤਰ ਪ੍ਰੇਰਕ
ਲਾਲੜੂ, 14 ਜੁਲਾਈ
ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਘੱਗਰ ਦਰਿਆ ਵਿੱਚ ਰਿਕਾਰਡ ਪਾਣੀ ਦਾ ਪੱਧਰ ਵਧਣ ਕਾਰਨ ਹੋਏ ਨੁਕਸਾਨ ਅਤੇ ਵੱਖ-ਵੱਖ ਥਾਵਾਂ ’ਤੇ ਪਏ ਪਾੜ ਪੂਰਨ ਦੇ ਕੰਮਾਂ ਦਾ ਜਾਇਜ਼ਾ ਲੈਣ ਲਈ ਇੱਥੋਂ ਨੇੜਲੇ ਪਿੰਡ ਟਿਵਾਣਾ ਤੇ ਅਮਲਾਲਾ ਵਿਖੇ ਘੱਗਰ ਦਰਿਆ ਦਾ ਦੌਰਾ ਕੀਤਾ।
ਮੀਤ ਹੇਅਰ ਨੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਨਾਲ ਟਿਵਾਣਾ ਵਿੱਚ ਪਿੰਡ ਵਾਸੀਆਂ ਨੂੰ ਮਿਲ ਕੇ ਫ਼ਸਲਾਂ ਦੇ ਨੁਕਸਾਨ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਰਾਹਤ ਕਾਰਜਾਂ ਲਈ ਆਫਤਨ ਫੰਡ ਵਿੱਚੋਂ ਜਿੱਥੇ 33.50 ਕਰੋੜ ਰੁਪਏ ਤੁਰੰਤ ਜਾਰੀ ਕੀਤੇ ਗਏ ਉੱਥੇ 71 ਕਰੋੜ ਰੁਪਏ ਹੋਰ ਮਨਜ਼ੂਰ ਕੀਤੇ ਗਏ। ਸੂਬਾ ਸਰਕਾਰ ਵੱਲੋਂ ਲੋਕਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ।
ਜਲ ਸਰੋਤ ਮੰਤਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਪ੍ਰਸ਼ਾਸਨ, ਸੈਨਾ ਤੇ ਐੱਨਡੀਆਰਐੱਫ ਦੀ ਮਦਦ ਨਾਲ ਪਾੜ ਪੂਰਨ ਦੇ ਕੰਮ ਜੰਗੀ ਪੱਧਰ ਉਤੇ ਕੀਤੇ ਜਾ ਰਹੇ ਹਨ। ਪਿੰਡ ਡਹਿਰ ਤੋਂ ਟਿਵਾਣਾ ਤੱਕ ਘੱਗਰ ਦੇ ਬੰਨ੍ਹਾਂ ਉੱਤੇ ਚੱਲ ਰਹੇ ਕੰਮਾਂ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਪੰਜ ਪੋਕਲੇਨ ਮਸ਼ੀਨਾਂ, ਦੋ ਟਰੈਕਟਰ-ਟਰਾਲੀਆਂ, ਦੋ ਕਰਾਹ ਟਰੈਕਟਰ ਤੇ 10 ਟਿੱਪਰ ਕੰਮ ਕਰ ਰਹੇ ਹਨ। ਸਵਾ ਲੱਖ ਥੈਲਿਆਂ ਦੇ ਪ੍ਰਬੰਧ ਤੋਂ ਇਲਾਵਾ 10 ਹਜ਼ਾਰ ਤੋਂ ਵੱਧ ਖਾਲੀ ਬੈਗ ਭਰੇ ਜਾ ਚੁੱਕੇ ਹਨ। ਕਰੇਟ ਬਣਾਉਣ ਲਈ ਰੱਸੀਆਂ ਦੇ ਜਾਲ ਬੁਣੇ ਜਾ ਰਹੇ ਹਨ। ਇਸੇ ਤਰ੍ਹਾਂ ਟਾਂਗਰੀ ਨਦੀ ’ਤੇ ਦੋ ਜੇਸੀਬੀ, ਇਕ ਪੋਕਲੇਨ ਮਸ਼ੀਨ ਅਤੇ ਦੋ ਟਰੈਕਟਰ ਟਰਾਲੀਆਂ ਕੰਮ ਕਰ ਰਹੀਆਂ ਹਨ।
ਇਸੇ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ ਨੇ ਇਲਾਕੇ ਦੇ ਹੜ੍ਹ ਪ੍ਰਭਾਵਿਤ ਪਿੰਡ ਖਜੂਰ ਮੰਡੀ, ਆਲਮਗੀਰ, ਸਾਧਾਂਪੂਰ, ਡੰਗਡੇਰਾ ਅਤੇ ਟਿਵਾਣਾ ਦਾ ਦੌਰਾ ਕੀਤਾ। ਉਨ੍ਹਾਂ ਕਿਸਾਨਾਂ ਨੂੰ ਦੱਸਿਆ ਕਿ ਖੇਤੀਬਾੜੀ ਵਿਭਾਗ ਕੋਲ ਮੱਕੀ ਦਾ ਬੀਜ ਉਪਲਬਧ ਹੈ। ਇਸ ਤੋਂ ਇਲਾਵਾ ਖੇਤੀਬਾੜੀ ਵਿਭਾਗ ਵੱਲੋਂ ਪ੍ਰਸ਼ਾਸਨ ਦੇ ਸਹਿਯੋਗ ਨਾਲ ਪਸ਼ੂਆਂ ਲਈ ਚਾਰਾ ਸਪਲਾਈ ਕੀਤਾ ਜਾ ਰਿਹਾ ਹੈ ਅਤੇ ਵਿਭਾਗ ਵੱਲੋਂ ਝੋਨੇ ਦੀ ਘੱਟ ਸਮਾਂ ਲੈਣਾ ਵਾਲੀ ਕਿਸਮਾਂ ਦੀ ਪਨੀਰੀ ਜਾਂ ਬੀਜ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਐੱਸਡੀਐੱਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਹੜ੍ਹ ਪੀੜਤ ਪਿੰਡਾਂ ਵਿੱਚ ਪਸ਼ੂਆਂ ਨੂੰ ਹਰੇ ਚਾਰੇ ਦੀ ਸਪਲਾਈ ਨਿਰੰਤਰ ਜਾਰੀ ਹੈ|
ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਸਿਵਲ ਸਰਜਨ ਫਤਹਿਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ. ਸੁਰਿੰਦਰ ਸਿੰਘ ਨੇ ਮੁੱਢਲਾ ਸਿਹਤ ਕੇਦਰ ਚਨਾਰਥਲ ਕਲਾਂ ਅਧੀਨ ਹੜ੍ਹ ਪ੍ਰਭਾਵਿਤ ਪਿੰਡ ਬੀੜ ਭਮਾਰਸੀ, ਗੁਰਧਨਪੁਰ, ਨਰੈਣਗੜ੍ਹ, ਬਰੌਗਾ, ਬਡਾਲੀ ਅਤੇ ਝੰਬਾਲਾ ਦਾ ਦੌਰਾ ਕੀਤਾ। ਉਨ੍ਹਾਂ ਪਸਿਹਤ ਕਰਮਚਾਰੀਆਂ ਨੂੰ ਬਿਮਾਰੀਆਂ ਸਬੰਧੀ ਸਰਵੇ ਕਰਨ ਲਈ ਕਿਹਾ। ਇਸ ਮੌਕੇ ਓਆਰਐੱਸ ਤੇ ਕਲੋਰੀਨ ਦੀਆਂ ਗੋਲੀਆਂ ਵੀ ਵੰਡੀਆਂ।
ਐੱਸਡੀਐੱਮ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਜਾਇਜ਼ਾ
ਚਮਕੌਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਚਮਕੌਰ ਸਾਹਿਬ ਦੇ ਐੱਸਡੀਐੱਮ ਅਮਰੀਕ ਸਿੰਘ ਸਿੱਧੂ ਨੇ ਸਬ ਡਵੀਜਨ ਅਧੀਨ ਪੈਂਦੇ ਪਿੰਡ ਝੱਲੀਆਂ ਕਲਾਂ, ਦੁੱਗਰੀ, ਕੋਟਲੀ ਅਤੇ ਬਾਲਸੰਡਾ ਵਿੱਚ ਮੀਂਹ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ। ਕਿਸਾਨਾਂ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ਲਈ ਪਾਈ ਜਾ ਰਹੀ ਮਿੱਟੀ ਪਾਣੀ ਨਾਲ ਹੜ੍ਹ ਕੇ ਕਿਸਾਨਾਂ ਦੀਆਂ ਫਸਲਾਂ ਵਿਚ ਚਲੀ ਗਈ ਹੈ, ਜਿਸ ਕਾਰਨ ਫ਼ਸਲਾਂ ਮਿੱਟੀ ਦੇ ਹੇਠ ਦੱਬ ਗਈਆਂ ਹਨ ਅਤੇ ਕਿਸਾਨਾਂ ਦੀ ਹਜਾਰਾਂ ਏਕੜ ਫਸਲ ਖਰਾਬ ਹੋ ਗਈ ਹੈ। ਰੋਡ ਸੰਘਰਸ਼ ਕਮੇਟੀ ਦੇ ਪ੍ਰਧਾਨ ਐਡਵੋਕੇਟ ਗੁਰਜੀਤ ਸਿੰਘ ਝੱਲੀਆਂ ਕਲਾਂ, ਸਾਬਕਾ ਸਰਪੰਚ ਬਲਜੀਤ ਸਿੰਘ, ਪ੍ਰਿਤਪਾਲ ਸਿੰਘ, ਜਸਵਿੰਦਰ ਸਿੰਘ ਅਤੇ ਨੰਬਰਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਪੁਲੀਆਂ ਹੇਠੋਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਅਜੇ ਵੀ ਖੇਤਾਂ ਵਿਚ ਤਿੰਨ-ਤਿੰਨ ਫੁੱਟ ਤੱਕ ਪਾਣੀ ਖੜ੍ਹਾ ਹੈ। ਐੱਸਡੀਐੱਮ ਨੇ ਖ਼ਰਾਬੇ ਦੀ ਰਿਪੋਰਟ ਤਿਆਰ ਕਰਕੇ ਸਰਕਾਰ ਤੱਕ ਭੇਜਣ ਦਾ ਭਰੋਸਾ ਦਿੱਤਾ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਨੁਕਸਾਨੀਆਂ ਫ਼ਸਲਾਂ ਦਾ ਮੁਆਵਜ਼ਾ ਨਾ ਮਿਲਿਆ ਤਾਂ ਜ਼ਮੀਨ ਪੱਧਰੀ ਨਹੀਂ ਕਰਨ ਦਿੱਤੀ ਜਾਵੇਗੀ।
ਟਾਂਗਰੀ ਦੇ ਪਾਣੀ ਕਾਰਨ ਬਰਵਾਲਾ ਅਤੇ ਰਾਏਪੁਰਰਾਣੀ ਵਿੱਚ ਤਬਾਹੀ
ਪੰਚਕੂਲਾ (ਪੱਤਰ ਪ੍ਰੇਰਕ): ਦੋ-ਤਿੰਨ ਤੋਂ ਭਾਵੇਂ ਮੌਸਮ ਸਾਫ਼ ਹੋ ਗਿਆ ਹੈ ਪਰ ਫਿਰ ਵੀ ਟਾਂਗੜੀ ਨਦੀ ’ਚ ਪਾਣੀ ਦਾ ਪੱਧਰ ਅਜੇ ਤੱਕ ਨਹੀਂ ਘਟਿਆ। ਨਦੀ ਦਾ ਪਾਣੀ ਬਰਵਾਲਾ ਅਤੇ ਰਾਏਪੁਰਰਾਣੀ ਦੇ ਖੇਤਾਂ ਵਿੱਚ ਫੈਲਿਆ ਹੋਇਆ ਹੈ, ਜਿਸ ਕਾਰਨ ਕਿਸਾਨਾਂ ਦੀਆਂ ਸ਼ਬਜੀਆਂ ਦੀ ਫ਼ਸਲ, ਮੱਕਾ, ਝੋਨਾ ਅਤੇ ਗੰਨੇ ਦੀ ਫ਼ਸਲ ਖਰਾਬ ਹੋ ਗਈ ਹੈ। ਕਿਸਾਨਾਂ ਅਨੁਸਾਰ ਉਨ੍ਹਾਂ ਦੀਆਂ ਖਰਾਬ ਹੋਈਆਂ ਫ਼ਸਲਾਂ ਦਾ ਪ੍ਰਸ਼ਾਸਨ ਨੇ ਕੋਈ ਸਰਵੇ ਨਹੀਂ ਕੀਤਾ। ਕਾਲਕਾ ਦੇ ਵਿਧਾਇਕ ਪ੍ਰਦੀਪ ਚੌਧਰੀ ਨੇ ਸਰਕਾਰ ਤੋਂ ਕਿਸਾਨਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਬਲਾਕ ਖੇਤੀਬਾੜੀ ਅਧਿਕਾਰੀ ਰਾਏਪੁਰਰਾਣੀ ਅਮਨਦੀਪ ਨੇ ਕਿਹਾ ਹੈ ਕਿ ਫਿਲਹਾਲ ਕਿਸਾਨਾਂ ਦੀਆਂ ਫ਼ਸਲਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ।
ਮੋਰਨੀ ’ਚ ਅੱਧਾ ਦਰਜਨ ਤੋਂ ਵੱਧ ਟਰਾਂਸਫਾਰਮਰ ਸੜੇ
ਪੰਚਕੂਲਾ: ਭਾਰੀ ਮੀਂਹ ਕਾਰਨ ਮੋਰਨੀ ਬਲਾਕ ਦੇ ਇੱਕ ਦਰਜਨ ਦੇ ਕਰੀਬ ਬਿਜਲੀ ਦੇ ਟਰਾਂਸਫਾਰਮਰ ਸੜ ਗਏ, ਜਿਸ ਕਾਰਨ ਮੋਰਨੀ ਬਲਾਕ ਦੀਆਂ ਕਈ ਦਰਜਨ ਪੰਚਾਇਤਾਂ ਪਿਛਲੇ ਇੱਕ ਹਫ਼ਤੇ ਤੋਂ ਹਨੇਰੇ ਵਿੱਚ ਡੁੱਬੀਆਂ ਹੋਈਆਂ ਹਨ। ਮਿਲੀ ਜਾਣਕਾਰੀ ਅਨੁਸਾਰ ਮੋਰਨੀ ਬਲਾਕ ਦੀ ਠੰਡੋਗ ਪੰਚਾਇਤ ਟੀਪਰਾ ਦੇ ਹਰਸ਼਼ਂ ਅਲਾਇਆ ਟਿੱਕਰ, ਮੋਰਨੀ, ਮਾਮਲ਼, ਭੂੰਡੀ ਆਸ਼ਰਮ ਨੇੜੇ ਸੇਰਲਾ, ਗੰਝਣ ਅਤੇ ਦੁਧਲਾ ਦੇ ਬਿਜਲੀ ਦੇ ਟਰਾਂਸਫਾਰਮਰ ਸੜ ਚੁੱਕੇ ਹਨ। ਠੰਡੋਗ ਪੰਚਾਇਤ ਦੇ ਪਿੰਡ ਹੱਥਿਆ ਦੇ ਵਸਨੀਕ ਭੂਪੇਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਲਗਾਏ ਗਏ ਬਿਜਲੀ ਦੇ ਟਰਾਂਸਫਾਰਮਰ ਤੋਂ ਹੋਟਲਾਂ ਨੂੰ ਲਾਈਟ ਦਿੱਤੀ ਹੋਈ ਹੈ, ਜਦਕਿ ਪਿੰਡ ਵਾਸੀ ਹਨੇਰੇ ’ਚ ਰਹਿਣ ਲਈ ਮਜਬੂਰ ਹਨ। -ਪੱਤਰ ਪ੍ਰੇਰਕ
ਮਨੀਸ਼ ਤਿਵਾੜੀ ਵੱਲੋਂ ਬੇਟ ਇਲਾਕੇ ਦਾ ਜਾਇਜ਼ਾ
ਚਮਕੌਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਬੇਟ ਇਲਾਕੇ ਦੇ ਪਿੰਡ ਬੇਲਾ ਅਟਾਰੀ ਅਤੇ ਦਾਊਦਪੁਰ ਸਮੇਤ ਸਤਲੁਜ ਦਰਿਆ ਦਾ ਦੌਰਾ ਕੀਤਾ ਅਤੇ ਮੀਂਹ ਅਤੇ ਪਾਣੀ ਭਰ ਜਾਣ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਬੇਲਾ ਡਰੇਨ ਅਤੇ ਚਮਕੌਰ ਸਾਹਿਬ ਐਸਕੇਪ ਦੀ ਸਫ਼ਾਈ ਨਾ ਹੋਣ ਕਰਕੇ ਵੱਡਾ ਨੁਕਸਾਨ ਹੋਇਆ ਹੈ। ਸਰਪੰਚ ਲਖਵਿੰਦਰ ਸਿੰਘ ਭੂਰਾ ਨੇ ਦੱਸਿਆ ਕਿ ਪਿੰਡਾਂ ਵਿਚ ਪਾਣੀ ਭਰਨ ਕਾਰਨ ਸੈਂਕੜੇ ਏਕੜ ਫ਼ਸਲ ਤਬਾਹ ਹੋ ਗਈ ਹੈ ਅਤੇ ਕਈ ਘਰਾਂ ਨੂੰ ਵੀ ਨੁਕਸਾਨ ਪੁੱਜਿਆ ਹੈ। ਮਨੀਸ਼ ਤਿਵਾੜੀ ਨੇ ਸਿੰਜਾਈ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਫੋਨ ਕਰਕੇ ਡਰੇਨੇਜ਼ ਦੀ ਜਲਦੀ ਸਫ਼ਾਈ ਕਰਵਾਉਣ ਲਈ ਕਿਹਾ। ਉਨ੍ਹਾਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਪਾਣੀ ਦੀਆਂ ਨਿਕਾਸੀ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ੇ ਤੇ ਉਸਾਰੀਆਂ ਨਾ ਕਰਨ। ਇਸ ਮੌਕੇ ਰੋਹਿਤ ਸੱਭਰਵਾਲ, ਨੰਬਰਦਾਰ ਸੁਰਜੀਤ ਸਿੰਘ, ਅਮਰ ਸਿੰਘ, ਸਰਪੰਚ ਹਰਕੀਰਤ ਸਿੰਘ ਸਰਪੰਚ, ਪੰਚ ਰਵਿੰਦਰ ਸ਼ਰਮਾ ਤੇ ਰਜਿੰਦਰ ਸਿੰਘ ਹਾਜ਼ਰ ਸਨ।
ਬਨੂੜ-ਲਾਲੜੂ ਮਾਰਗ ’ਤੇ ਆਵਾਜਾਈ ਛੇਵੇਂ ਦਿਨ ਵੀ ਠੱਪ
ਬਨੂੜ (ਪੱਤਰ ਪ੍ਰੇਰਕ): ਘੱਗਰ ਦਰਿਆ ਦੇ ਕੰਢੇ ’ਤੇ ਵਸੇ ਪਿੰਡ ਮਨੌਲੀ ਸੂਰਤ ਨੇੜੇ ਘੱਗਰ ਅਤੇ ਮੀਂਹ ਦੇ ਪਾਣੀ ਕਾਰਨ ਚੋਈ ਦੇ ਪੁਲੀ ਅਤੇ ਸੜਕ ਦੇ ਪਾਣੀ ਵਿੱਚ ਵਹਿ ਜਾਣ ਨਾਲ ਬਨੂੜ-ਲਾਲੜੂ ਦਰਮਿਆਨ ਸੰਪਰਕ ਛੇਵੇਂ ਦਿਨ ਵੀ ਟੁੱਟਿਆ ਹੋਇਆ ਹੈ। ਇਸ ਮਾਰਗ ਉੱਤੋਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੰਘਦੀ ਆਵਾਜਾਈ ਅਤੇ ਦਰਜਨਾਂ ਪਿੰਡਾਂ ਦੇ ਵਸਨੀਕ ਪ੍ਰੇਸ਼ਾਨ ਹਨ। ਇਸ ਖੇਤਰ ਵਿੱਚੋਂ ਲਾਲੜੂ ਦੇ ਸਨਅਤੀ ਖੇਤਰ ਵਿੱਚ ਨੌਕਰੀ ਕਰਨ ਜਾਂਦੇ ਵੱਡੀ ਗਿਣਤੀ ਕਾਮਿਆਂ ਨੂੰ 35-40 ਕਿਲੋਮੀਟਰ ਦਾ ਵਾਧੂ ਪੰਧ ਤੈਅ ਕਰਕੇ ਜ਼ੀਰਕਪੁਰ-ਡੇਰਾਬਸੀ ਰਾਹੀਂ ਘੁੰਮ ਕੇ ਲਾਲੜੂ ਜਾਣਾ ਪੈ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਘੱਗਰ ਦਰਿਆ ਨੇੜੇ ਪੈਂਦੀ ਇਹ ਪੁਲੀ ਅਤੇ ਪੁਲੀ ਦੀਆਂ ਸਾਈਡਾਂ ਦੀ ਸੱਠ ਫੁੱਟ ਦੇ ਕਰੀਬ ਸੜਕ ਨੂੰ ਪਾਣੀ ਦੇ ਤੇਜ਼ ਵਹਾਅ ਨੇ ਐਤਵਾਰ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਸੀ। ਉਸੇ ਦਿਨ ਤੋਂ ਇਸ ਸੜਕ ਦੀ ਆਵਾਜਾਈ ਬੰਦ ਪਈ ਹੈ। ਪੁਲੀ ਤੋਂ ਦੂਜੇ ਪਾਸੇ ਪੈਂਦੀ ਜ਼ਮੀਨ ਕੋਲ ਵੀ ਪਿੰਡ ਦੇ ਕਿਸਾਨ ਜਾ ਨਹੀਂ ਸਕਦੇ, ਕਿਉਂਕਿ ਇਸ ਟੁੱਟੀ ਹੋਈ ਪੁਲੀ ਵਿੱਚੋਂ ਹਾਲੇ ਵੀ ਪਾਣੀ ਵਹਿ ਰਿਹਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਟੁੱਟੀ ਹੋਈ ਪੁਲੀ ਨੂੰ ਵਿਭਾਗ ਅਤੇ ਪ੍ਰਸ਼ਾਸ਼ਨਿਕ ਅਧਿਕਾਰੀ ਵੇਖ ਚੁੱਕੇ ਹਨ ਪਰ ਹਾਲੇ ਤੱਕ ਇਸ ਦੀ ਮੁਰੰਮਤ ਆਰੰਭ ਨਹੀਂ ਹੋਈ। ਪਿੰਡ ਵਾਸੀਆਂ ਨੇ ਆਖਿਆ ਕਿ ਇੱਥੇ ਪਹਿਲਾਂ ਵਰਗੀ ਪੁਲੀ ਦੀ ਥਾਂ ਵੱਡਾ ਪੁਲ ਬਣਾਇਆ ਜਾਵੇ ਤਾਂ ਕਿ ਭਵਿੱਖ ਵਿੱਚ ਦੁਬਾਰਾ ਕਦੇ ਵੀ ਅਜਿਹੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ। ਖੇੜਾ ਗੱਜੂ ਤੋਂ ਪਵਾਲਾ, ਚੁੰਨੀ ਵੱਲ ਨੂੰ ਜਾਂਦੀ ਸੜਕ ਉੱਤੇ ਪੈਂਦੇ ਪਿੰਡ ਬੀਰੋਮਾਜਰੀ ਵਿੱਚ ਪਾਣੀ ਨਾਲ ਸੜਕ ਉੱਤੇ ਲੱਗੀ ਪੁਲੀ ਇੱਕ ਪਾਸੇ ਤੋਂ ਰੁੜ ਗਈ। ਇਸ ਨਾਲ ਚੌਪਹੀਆ ਵਾਹਨਾਂ ਦਾ ਲਾਂਘਾ ਬੰਦ ਹੋ ਗਿਆ ਹੈ। ਇਸ ਸੜਕ ਉੱਤੋਂ ਰੋਜ਼ਾਨਾ ਵੱਡੀ ਮਾਤਰਾ ਵਿੱਚ ਲੋਕੀਂ ਲੰਘਦੇ ਹਨ। ਪਿੰਡ ਵਾਸੀਆਂ ਨੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੋਂ ਬੀਰੋਮਾਜਰੀ ਵਾਲੀ ਪੁਲੀ ਦੀ ਤੁਰੰਤ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਹੈ।
ਪੰਜ ਦਿਨਾਂ ਤੋਂ ਬਿਜਲੀ ਸਪਲਾਈ ਠੱਪ; ਨੈਸ਼ਨਲ ਹਾਈਵੇਅ ਜਾਮ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਅੰਬਾਲਾ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਹੜ੍ਹ ਕਾਰਨ ਪਿਛਲੇ ਪੰਜ ਦਿਨਾਂ ਤੋਂ ਠੱਪ ਹੋਈ ਬਿਜਲੀ ਸਪਲਾਈ ਅਜੇ ਤੱਕ ਬਹਾਲ ਨਹੀਂ ਹੋਈ। ਬਿਜਲੀ ਸਪਲਾਈ ਅਤੇ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਲੋਕਾਂ ਨੇ ਦੇਰ ਰਾਤ ਅੰਬਾਲਾ-ਅੰਮ੍ਰਿਤਸਰ ਹਾਈਵੇਅ ’ਤੇ ਧਰਨਾ ਲਾ ਕੇ ਆਵਾਜਾਈ ਠੱਪ ਕੀਤੀ। ਲੋਕਾਂ ਨੇ ਹਲਕਾ ਵਿਧਾਇਕ ਤੇ ਬਿਜਲੀ ਨਿਗਮ ਦੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨਾ ਦਾ ਪਤਾ ਲੱਗਦਿਆਂ ਪੁਲੀਸ ਅਧਿਕਾਰੀ ਭਾਰੀ ਫੋਰਸ ਲੈ ਕੇ ਮੌਕੇ ’ਤੇ ਪਹੁੰਚੇ ਅਤੇ ਲੋਕਾਂ ਨੂੰ ਸੜਕ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕ ਰੋਸ ਪ੍ਰਗਟਾਉਂਦਿਆਂ ਵਾਹਨਾਂ ਅੱਗੇ ਖੜ੍ਹੇ ਹੋ ਗਏ। ਸ਼ਰਾਰਤੀ ਤੱਤਾਂ ਨੇ ਪੱਥਰਬਾਜ਼ੀ ਵੀ ਕੀਤੀ। ਹਾਲਾਤ ਵਿਗੜਦੇ ਦੇਖ ਕੇ ਹੋਰ ਪੁਲੀਸ ਫੋਰਸ ਮੰਗਵਾਈ ਗਈ ਅਤੇ ਪ੍ਰਦਰਸ਼ਨਕਾਰੀਆਂ ਨੂੰ ਖਦੇੜ ਦਿੱਤਾ ਗਿਆ। ਇਸ ਦੌਰਾਨ ਜੀਟੀ ਰੋਡ ’ਤੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ। ਅੰਬਾਲਾ ਸਿਟੀ ਐੱਸਐੱਚਓ ਨਰਿੰਦਰ ਰਾਣਾ ਨੇ ਦੱਸਿਆ ਕਿ ਚੌਕੀ ਨੰਬਰ-4 ਦੇ ਸਬ ਇੰਸਪੈਕਟਰ ਜੈ ਗੋਪਾਲ ਦੀ ਸ਼ਿਕਾਇਤ ’ਤੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਈ ਡੇਰਾਬੱਸੀ ਮੈਡੀਕਲ ਐਸੋਸੀਏਸ਼ਨ
ਡੇਰਾਬੱਸੀ (ਖੇਤਰੀ ਪ੍ਰਤੀਨਿਧ): ਡੇਰਾਬੱਸੀ ਮੈਡੀਕਲ ਐਸੋਸੀਏਸ਼ਨ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਪ੍ਰਸ਼ਾਸਨ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਡੇਰਾਬੱਸੀ ਮੈਡੀਕਲ ਐਸੋਸੀਏਸ਼ਨ ਦੇ ਵਫ਼ਦ ਨੇ ਐੱਸਐੱਮਓ ਡੇਰਾਬੱਸੀ ਡਾ. ਧਰਮਿੰਦਰ ਸਿੰਘ ਨਾਲ ਮੀਟਿੰਗ ਕੀਤੀ ਗਈ। ਐਸੋਸੀਏਸ਼ਨ ਨੇ ਸਿਹਤ ਵਿਭਾਗ ਨਾਲ ਮਿਲ ਕੇ ਪ੍ਰਭਾਵਿਤ ਪਿੰਡਾਂ ਵਿੱਚ ਮੈਡੀਕਲ ਕੈਂਪ ਲਗਾਉਣ ਦੀ ਯੋਜਨਾ ਤਿਆਰ ਕੀਤੀ ਹੈ, ਜਿੱਥੇ ਡਾਕਟਰਾਂ, ਪੈਰਾ ਮੈਡੀਕਲ ਸਟਾਫ਼, ਦਵਾਈਆਂ ਅਤੇ ਐਂਬੂਲੈਂਸ ਵੀ ਟੀਮ ਨਾਲ ਭੇਜੀ ਜਾਵੇਗੀ। ਐਸੋਸੀਏਸ਼ਨ ਦੇ ਮੀਤ ਪ੍ਰਧਾਨ ਡਾ. ਦਿਨੇਸ਼ ਮਿੱਤਲ ਨੇ ਕਿਹਾ ਕਿ ਮਰੀਜ਼ਾਂ ਦੇ ਖੂਨ ਦੀ ਮੌਕੇ ’ਤੇ ਜਾਂਚ ਜਾਵੇਗੀ, ਜਿਸ ਦੀ ਜ਼ਿੰਮੇਵਾਰੀ ਡੇਰਾਬੱਸੀ ਮੈਡੀਕਲ ਲੈਬਾਰਟਰੀ ਐਸੋਸੀਏਸ਼ਨ ਨੂੰ ਦਿੱਤੀ ਗਈ ਹੈ, ਜਿਸ ਦੇ ਮੈਂਬਰ ਪਰਮਦੀਪ ਸਿੰਘ ਮਹਿਣਾ ਮੌਕੇ ’ਤੇ ਮੌਜੂਦ ਸਨ।