ਮੁਕੇਸ਼ ਕੁਮਾਰ
ਚੰਡੀਗੜ੍ਹ, 15 ਜੁਲਾਈ
ਚੰਡੀਗੜ੍ਹ ਵਿੱਚ ਦਰੱਖਤਾਂ ਦੇ ਡਿੱਗਣ ਦਾ ਸਿਲਸਿਲਾ ਜਾਰੀ ਹੈ, ਜਿਸ ਕਾਰਨ ਸ਼ਹਿਰ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਅੱਜ ਵੀ ਇੱਥੋਂ ਦੇ ਸੈਕਟਰ-46 ਵਿੱਚ ਇਕ ਵੱਡਾ ਦਰੱਖਤ ਡਿੱਗ ਗਿਆ। ਇਸ ਦੌਰਾਨ ਦਰੱਖਤ ਹੇਠਾਂ ਦੱਬੇ ਜਾਣ ਤੋਂ ਕਾਰ ਚਾਲਕ ਨੌਜਵਾਨ ਦਾ ਵਾਲ-ਵਾਲ ਬਚਾਅ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਸੈਕਟਰ-46 (ਬੀ) ਡਬਲ ਸਟੋਰੀ ਮਾਰਕੀਟ ਦੇ ਪਿਛਲੇ ਪਾਸੇ ਸੈਕਟਰ 47 ਨੂੰ ਜਾ ਰਹੀ ਸੜਕ ਨੇੜੇ ਇੱਕ ਨੌਜਵਾਨ ਆਪਣੀ ਕਾਰ ਸੜਕ ਕੰਢੇ ਇੱਕ ਦਰੱਖਤ ਨੇੜੇ ਖੜ੍ਹੀ ਕਰ ਕੇ ਮੋਬਾਈਲ ਫੋਨ ’ਤੇ ਗੱਲ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਉਸ ਦੀ ਕਾਰ ਨੇੜੇ ਇੱਕ ਵੱਡਾ ਦਰੱਖਤ ਡਿੱਗ ਗਿਆ। ਗਨੀਮਤ ਇਹ ਰਹੀ ਕਿ ਦਰੱਖਤ ਕਾਰ ’ਤੇ ਨਹੀਂ ਡਿੱਗਿਆ, ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਇਸ ਦੌਰਾਨ ਨੌਜਵਾਨ ਅਤੇ ਉਸ ਦੀ ਕਾਰ ਦਰੱਖਤ ਹੇਠਾਂ ਆਉਣ ਤੋਂ ਵਾਲ-ਵਾਲ ਬੱਚ ਗਏ ਅਤੇ ਕਿਸੇ ਵੀ ਤਰ੍ਹਾਂ ਦੇ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ।
ਵਾਰਡ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਇੱਥੇ ਸੈਕਟਰ 46 ਵਿੱਚ ਇੱਕ ਦਰੱਖਤ ਡਿੰਗਣ ਦੀ ਸੂਚਨਾ ਮਿਲੀ ਸੀ। ਉਨ੍ਹਾਂ ਮੌਕੇ ’ਤੇ ਪਹੁੰਚ ਕੇ ਉੱਥੇ ਹੋਏ ਨੁਕਸਾਨ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਡਿੱਗੇ ਹੋਏ ਦਰੱਖਤ ਦੀਆਂ ਟਹਿਣੀਆਂ ਨੂੰ ਵੀ ਹਟਵਾਇਆ। ਸ੍ਰੀ ਗਾਬੀ ਨੇ ਦੱਸਿਆ ਕਿ ਦਰੱਖਤ ਡਿੱਗਣ ਨਾਲ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਚੰਡੀਗੜ੍ਹ ਦੇ ਇੱਕ ਨਿੱਜੀ ਸਕੂਲ ਵਿੱਚ ਇੱਕ ਵਿਰਾਸਤੀ ਦਰੱਖਤ ਡਿੱਗ ਗਿਆ ਸੀ ਅਤੇ ਇਸ ਹਾਦਸੇ ਵਿੱਚ ਇੱਕ ਵਿਦਿਆਰਥਣ ਦੀ ਦਰਦਨਾਕ ਮੌਤ ਹੋ ਗਈ ਸੀ।
ਇਸ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਖ਼ਤਰਨਾਕ ਰੂਪ ਧਾਰਨ ਕਰ ਚੁੱਕੇ ਅਜਿਹੇ ਦਰੱਖਤਾਂ ਦੀ ਪਛਾਣ ਕਰਨ ਲਈ ਇਕ ਕਮੇਟੀ ਕਾਇਮ ਕੀਤੀ ਹੈ ਜੋ ਕਿ ਅਜਿਹੇ ਦਰੱਖਤਾਂ ਦੀ ਪਛਾਣ ਕਰੇਗੀ ਜੋ ਕਿ ਭਵਿੱਖ ਵਿੱਚ ਡਿੱਗ ਸਕਦੇ ਹਨ।
ਸਕੂਲ ਵਿੱਚ ਵਾਪਰੇ ਇਸ ਦਰਦਨਾਕ ਹਾਦਸੇ ਦੇ ਬਾਅਦ ਤੋਂ ਸ਼ਹਿਰ ਵਿੱਚ ਤਕਰੀਬਨ ਰੋਜ਼ ਹੀ ਕਿਸੇ ਨਾ ਕਿਸੇ ਥਾਂ ’ਤੇ ਦਰੱਖਤ ਡਿੱਗਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਸ ਹਫ਼ਤੇ ਦੌਰਾਨ ਇੱਥੋਂ ਦੇ ਸੈਕਟਰ 20, ਸੈਕਟਰ 47 ਅਤੇ ਸੈਕਟਰ 22 ਵਿੱਚ ਦਰੱਖਤ ਡਿੱਗਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।