ਪੱਤਰ ਪ੍ਰੇਰਕ
ਕੁਰਾਲੀ, 17 ਜੂਨ
ਨਗਰ ਕੌਂਸਲ ਦੀ ਹੱਦ ਵਿੱਚ ਪੈਂਦੇ ਪਿੰਡ ਪਡਿਆਲਾ ਦੇ ਮੰਦਬੁੱਧੀ ਤੇ ਲਾਵਾਰਿਸ ਕੇਂਦਰ ਪ੍ਰਭ ਆਸਰਾ ਨੇ ਮਿਸ਼ਨ ਮਿਲਾਪ ਤਹਿਤ 12 ਸਾਲ ਪਹਿਲਾਂ ਆਪਣਿਆਂ ਤੋਂ ਵਿਛੜੇ ਨੌਜਵਾਨ ਨੂੰ ਉਸ ਦੇ ਪਰਿਵਾਰ ਨਾਲ ਮਿਲਾ ਦਿੱਤਾ। ਆਪਣੇ ਪੁੱਤਰ ਨੂੰ ਮਿਲ ਕੇ ਬਾਗ਼ੋਬਾਗ ਹੋਏ ਪਰਿਵਾਰ ਨੇ ਸੰਸਥਾ ਦੇ ਉਪਰਾਲੇ ਦਾ ਧੰਨਵਾਦ ਕੀਤਾ। ਸੰਸਥਾ ਦੇ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਤੇ ਰਾਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ 5 ਮਹੀਨੇ ਪਹਿਲਾ ਰਮੇਸ਼ ਕੁਮਾਰ (30) ਨਾਮਕ ਨੌਜਵਾਨ ਨੂੰ ਸਮਾਜ ਦਰਦੀ ਸੱਜਣਾਂ ਨੇ ਪੁਲੀਸ ਦੀ ਮਦਦ ਨਾਲ ਸੰਸਥਾ ਵਿੱਚ ਦਾਖਲ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਇਹ ਨੌਜਵਾਨ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਖਰੌੜੀ ਵਿੱਚ ਲਾਵਾਰਿਸ ਹਾਲਤ ਵਿਚ ਰੁੱਲ ਰਿਹਾ ਸੀ ਅਤੇ ਉਸ ਦੀ ਹਾਲਤ ਨੂੰ ਦੇਖਦਿਆਂ ਪਿੰਡ ਦੇ ਪਤਵੰਤਿਆਂ ਤੇ ਪ੍ਰਸ਼ਾਸ਼ਨ ਨੇ ਉਸ ਨੂੰ ਸੰਸਥਾ ਵਿੱਚ ਪਹੁੰਚਾ ਦਿੱਤਾ। ਕਈ ਮਹੀਨਿਆਂ ਦੇ ਇਲਾਜ ਤੇ ਸੇਵਾ ਸੰਭਾਲ ਤੋਂ ਰਮੇਸ਼ ਦੀ ਮਾਨਸਿਕ ਹਾਲਤ ਵਿਚ ਬਹੁਤ ਜਲਦੀ ਸੁਧਾਰ ਆਇਆ ਤੇ ਉਸ ਨੇ ਆਪਣਾ ਪਤਾ ਦੱਸਿਆ। ਪ੍ਰਬੰਧਕਾਂ ਵੱਲੋਂ ਉਸ ਦੇ ਦੱਸੇ ਪਤੇ ’ਤੇ ਸੰਪਰਕ ਕੀਤਾ ਅਤੇ ਸੰਸਥਾ ਵਲੋਂ ਚਲਾਏ ‘ਮਿਸ਼ਨ ਮਿਲਾਪ’ ਤਹਿਤ ਪਰਿਵਾਰ ਨੂੰ ਲੱਭ ਲਿਆ। ਇਸੇ ਦੌਰਾਨ ਰਮੇਸ਼ ਨੂੰ ਲੈਣ ਉਸ ਦੀ ਮਾਂ, ਭਾਈ ਤੇ ਮਾਮਾ ਸੰਸਥਾ ਪਹੁੰਚੇ। ਵਾਰਸਾਂ ਨਾਲ ਗੱਲਬਾਤ ਕਰਨ ’ਤੇ ਪਤਾ ਲੱਗਿਆ ਕਿ ਰਮੇਸ਼ 12 ਸਾਲ ਪਹਿਲਾ ਅਚਾਨਕ ਘਰੋਂ ਨਿਕਲ ਗਿਆ ਸੀ ਤੇ ਮੁੜ ਵਾਪਸ ਨਾ ਆਇਆ। ਵਿਛੋੜੇ ਦੀ ਪੀੜਾ ਵਿਚ 2 ਸਾਲ ਪਹਿਲਾਂ ਉਸ ਦੇ ਪਿਤਾ ਸੰਸਾਰ ਤੋਂ ਚਲੇ ਗਏ।
ਓਬਰਾਏ ਵੱਲੋਂ ‘ਆਪਣਾ ਘਰ’ ਦਾ ਦੌਰਾ
ਐੱਸਏਐੱਸ ਨਗਰ (ਮੁਹਾਲੀ) (ਪੱਤਰ ਪ੍ਰੇਰਕ): ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸਪੀ ਸਿੰਘ ਓਬਰਾਏ ਨੇ ਅੱਜ ਇੱਥੋਂ ਦੇ ਇਤਿਹਾਸਕ ਨਗਰ ਸੋਹਾਣਾ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਚੈਰੀਟੇਬਲ ਹਸਪਤਾਲ ਨੇੜੇ ਸਿੱਖ ਆਗੂ ਭਾਈ ਕੁਲਦੀਪ ਸਿੰਘ ਦੀ ਅਗਵਾਈ ਹੇਠ ਚਲਾਈ ਜਾ ਰਹੀ ਸੰਸਥਾ ‘ਆਪਣਾ ਘਰ’ ਦਾ ਦੌਰਾ ਕੀਤਾ ਅਤੇ ਲਾਵਾਰਿਸ, ਗਰੀਬ ਅਤੇ ਲੋੜਵੰਦ ਬੱਚਿਆਂ ਨਾਲ ਗੱਲਾਂ ਬਾਤਾਂ ਕੀਤੀਆਂ ਅਤੇ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕਰਨ ਦਾ ਭਰੋਸਾ ਦਿੱਤਾ। ਲੋੜਵੰਦ ਬੱਚਿਆਂ ਨੂੰ ਇੱਥੋਂ ਦੇ ਸੈਕਟਰ 71 ਸਥਿਤ ਸ੍ਰੀ ਹੇਮਕੁੰਟ ਪਬਲਿਕ ਸਕੂਲ ਵਿੱਚ ਪੜ੍ਹਾਇਆ ਜਾ ਰਿਹਾ ਹੈ। ਇਸ ਮੌਕੇ ਗੁਰਜੀਤ ਸਿੰਘ ਓਬਰਾਏ, ਟਰੱਸਟ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਕਮਲਜੀਤ ਸਿੰਘ ਰੂਬੀ, ਜਨਰਲ ਸਕੱਤਰ ਪ੍ਰੋ. ਤੇਜਿੰਦਰ ਸਿੰਘ ਬਰਾੜ, ਪ੍ਰੈੱਸ ਸਕੱਤਰ ਪਰਦੀਪ ਸਿੰਘ ਹੈਪੀ ਮੌਜੂਦ ਸਨ। ਇਸ ਮੌਕੇ ਭਾਈ ਕੁਲਦੀਪ ਸਿੰਘ ਨੇ ਸੰਸਥਾ ਦੀਆਂ ਗਤੀਵਿਧੀਆਂ ਅਤੇ ਸਮੱਸਿਆਵਾਂ ਤੋਂ ਜਾਣੂ ਕਰਵਾਇਆ।