ਆਤਿਸ਼ ਗੁਪਤਾ
ਚੰਡੀਗੜ੍ਹ, 6 ਫਰਵਰੀ
ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿੱਚ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ ਵਿੱਚ ਅੱਜ ਚੰਡੀਗੜ੍ਹ ਵਾਸੀਆਂ ਨੇ ਵੀ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਰੋਸ ਪ੍ਰਦਰਸ਼ਨ ਕੀਤੇ। ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਇਸੇ ਦੌਰਾਨ ਸ਼ਹਿਰ ਦੇ ਨੌਜਵਾਨਾਂ ਅਤੇ ਆਮ ਲੋਕਾਂ ਨੇ ਚੌਕਾਂ ਵਿੱਚ ਖੜ੍ਹੇ ਹੋ ਕੇ ਖੇਤੀਬਾੜੀ ਨੂੰ ਬਚਾਉਣ ਦੀ ਸੁਨੇਹਾ ਦਿੱਤਾ।
ਵੇਰਵਿਆਂ ਅਨੁਸਾਰ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਸੰਯੋਜਕ ਪ੍ਰੇਮ ਗਰਗ ਦੀ ਅਗਵਾਈ ਵਿੱਚ ਪਾਰਟੀ ਵਰਕਰਾਂ ਨੇ ਸੈਕਟਰ-21/22-34/35 ਵਾਲੇ ਚੌਕ ’ਤੇ ਸੈਕਟਰ-22 ਵਿੱਚ ਪੈਦਲ ਮਾਰਚ ਕੱਢਿਆ। ਸ੍ਰੀ ਗਰਗ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ ਆਪਣੀਆਂ ਮੰਗਾਂ ਮਨਵਾਉਣ ਲਈ ਸੜਕਾਂ ’ਤੇ ਸੰਘਰਸ਼ ਕਰਨ ਲਈ ਮਜ਼ਬੂਰ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਤਿੰਨੇ ਖੇਤੀ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ ਅਤੇ ਕਿਸਾਨਾਂ ਨੂੰ ਸਨਮਾਨ ਨਾਲ ਘਰ ਭੇਜਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਸਿਰਫ਼ ਕਿਸਾਨੀ ਲਈ ਹੀ ਨਹੀਂ ਬਲਕਿ ਸਮਾਜ ਦੇ ਹਰ ਵਰਗ ਲਈ ਘਾਤਕ ਹਨ। ਇਨ੍ਹਾਂ ਕਾਨੂੰਨਾਂ ਕਾਰਨ ਭਵਿੱਖ ਵਿੱਚ ਮਹਿੰਗਾਈ ਵਧੇਗੀ ਜਿਸ ਦਾ ਲੋਕਾਂ ਦੇ ਜੀਵਨ ’ਤੇ ਮਾੜਾ ਅਸਰ ਪਵੇਗਾ। ਇਸ ਮੌਕੇ ਵਿਕਰਮ ਸਿੰਘ ਪੁੰਡੀਰ, ਪੀਪੀ ਘਈ, ਦਲੀਪ ਕੁਮਾਰ ਤੇ ਪ੍ਰੋ. ਗੁਰਦੇਵ ਸਿੰਘ ਆਦਿ ਹਾਜ਼ਰ ਸਨ।
ਇਸੇ ਤਰ੍ਹਾਂ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਚੰਡੀਗੜ੍ਹ ਵਿਕਾਸ ਮੰਚ ਵੱਲੋਂ ਹਰਮੋਹਨ ਧਵਨ ਦੀ ਅਗਵਾਈ ਵਿੱਚ ਸੈਕਟਰ-22 ਵਿੱਚ ਧਰਨਾ ਦਿੱਤਾ ਗਿਆ। ਸ੍ਰੀ ਧਵਨ ਨੇ ਕੇਂਦਰ ਸਰਕਾਰ ਨੂੰ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਤਿਰੰਗਾ ਝੰਡੇ ਅਤੇ ਕਿਸਾਨੀ ਝੰਡੇ ਲਹਿਰਾਉਂਦੇ ਹੋਏ ਕੇਂਦਰ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਰੋਸ ਪ੍ਰਦਰਸ਼ਨ ਵਿੱਚ ਬਲਜਿੰਦਰ ਸੰਘ, ਜੁਝਾਰ ਸਿੰਘ, ਜਸਵਿੰਦਰ ਸਿੰਘ ਨਾਗਪਾਲ, ਜਗਜੀਤ ਸਿੰਘ, ਰਾਜਿੰਦਰ ਮੋਹਨ, ਅਰੁਣ ਗੋਇਲ ਗੋਗਾ ਆਦਿ ਹਾਜ਼ਰ ਸਨ। ਇਸ ਤੋਂ ਇਲਾਵਾ ਸ਼ਹਿਰ ਦੇ ਨੌਜਵਾਨਾਂ ਨੇ ਚੌਕਾਂ ਵਿੱਚ ਖੜ੍ਹੇ ਹੋ ਕੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਵੀ ਕੀਤਾ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਬੈਨਰ ਫੜ ਕੇ ਮੋਦੀ ਸਰਕਾਰ ਨੂੰ ਸੁਨੇਹਾ ਦਿੱਤਾ ਕਿ ਖੇਤੀ ਕਾਨੂੰਨਾਂ ਨਾਲ ਸਮਾਜ ਦੇ ਕਿਸੇ ਵੀ ਵਰਗ ਦਾ ਭਲਾ ਨਹੀਂ ਹੋਵੇਗਾ।