ਗੁਰਨਾਮ ਸਿੰਘ ਅਕੀਦਾ
ਪਟਿਆਲਾ, 1 ਅਪਰੈਲ
ਪੰਜਾਬ ਵਿੱਚ ਦਿਨੋਂ ਦਿਨ ਵਧ ਰਹੀਆਂ ਬਿਜਲੀ ਦਰਾਂ ਵਿਰੁੱਧ ਆਮ ਆਦਮੀ ਪਾਰਟੀ ਨੇ 7 ਅਪਰੈਲ ਤੋਂ ਜਨ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਆਗੂਆਂ ਨੇ ਜ਼ੋਰਦਾਰ ਤਰੀਕੇ ਨਾਲ ਕਿਹਾ ਕਿ ਕੈਪਟਨ ਸਰਕਾਰ ਨੂੰ ਮਜਬੂਰ ਕੀਤਾ ਜਾਵੇਗਾ ਕਿ ਉਹ ਦਿੱਲੀ ਦੀ ਤਰਜ਼ ਉੱਤੇ ਪੰਜਾਬ ਦੇ ਲੋਕਾਂ ਨੂੰ ਵੀ ਮੁਫ਼ਤ ਬਿਜਲੀ ਦੇਵੇ।
ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਇੱਥੇ ਪ੍ਰੈੱਸ ਕਾਨਫ਼ਰੰਸ ਵਿਚ ਕਿਹਾ ਕਿ ਅੱਜ ਮਹਿੰਗਾਈ ਦੇ ਦੌਰ ਵਿੱਚ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਬਿਜਲੀ ਕੀਮਤਾਂ ਨੇ ਲੋਕਾਂ ਦਾ ਜਿਊਣਾ ਹੋਰ ਦੁੱਭਰ ਕਰ ਦਿੱਤਾ ਹੈ। ਸਰਕਾਰ ਬਿਜਲੀ ਦੀਆਂ ਕੀਮਤਾਂ ਘਟਾਉਣ ਦੀ ਬਜਾਏ ਦਿਨੋਂ ਦਿਨ ਵਧਾ ਰਹੀ ਹੈ। ਪਾਰਟੀ ਬਿਜਲੀ ਬਿੱਲਾਂ ਨੂੰ ਲੈ ਕੇ ਪੰਜਾਬ ਭਰ ਵਿੱਚ ਇਕ ਜਨ ਅੰਦੋਲਨ ਸ਼ੁਰੂ ਕਰੇਗੀ, ਜਿਸ ਰਾਹੀਂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਬਿਜਲੀ ਕੀਮਤਾਂ ਘਟਾਉਣ ਲਈ ਮਜਬੂਰ ਕਰ ਦਿੱਤਾ ਜਾਵੇਗਾ। ਇਹ ਅੰਦੋਲਨ ਹਰ ਗਲੀ, ਹਰ ਪਿੰਡ, ਸ਼ਹਿਰ, ਕਸਬੇ ਤੱਕ ਪਹੁੰਚੇਗਾ। ਇਸ ਮੌਕੇ ਕੁੰਦਨ ਗੋਗੀਆ, ਡਾ. ਬਲਵੀਰ, ਤੇਜਿੰਦਰ ਮਹਿਤਾ, ਮੇਜਰ ਆਰਪੀਐੱਸ, ਜੇਪੀ ਸਿੰਘ, ਇੰਦਰਜੀਤ ਸਿੰਘ ਸੰਧੂ, ਡਾ. ਪ੍ਰੀਤਮ ਸਿੰਘ, ਅਸ਼ੋਕ ਸਿਰਸਵਾਲ, ਜ਼ੋਰਾ ਸਿੰਘ ਚੀਮਾ, ਗੁਰਧਿਆਨ ਸਿੰਘ, ਖੁਸ਼ਵੰਤ ਸ਼ਰਮਾ ਮੌਜੂਦ ਸਨ।
ਮੁਹਾਲੀ(ਦਰਸ਼ਨ ਸਿੰਘ ਸੋਢੀ): ਆਮ ਆਦਮੀ ਪਾਰਟੀ (ਮੁਹਾਲੀ) ਵੱਲੋਂ ਪੰਜਾਬ ਵਿੱਚ ਬਿਜਲੀ ਦੀਆਂ ਕੀਮਤਾਂ ਦੇ ਖ਼ਿਲਾਫ਼ 7 ਅਪਰੈਲ ਤੋਂ ਵੱਡੇ ਪੱਧਰ ’ਤੇ ਜਨ ਅੰਦੋਲਨ ਸ਼ੁਰੂ ਕਰੇਗੀ। ‘ਆਪ’ ਦੇ ਸੀਨੀਅਰ ਆਗੂ ਨਰਿੰਦਰ ਸਿੰਘ ਸ਼ੇਰਗਿੱਲ ਅਤੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਗੋਲਡੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਦਿੱਲੀ ਦੀ ਤਰਜ਼ ’ਤੇ ਪੰਜਾਬ ਦੇ ਲੋਕਾਂ ਨੂੰ ਵੀ ਮੁਫ਼ਤ ਬਿਜਲੀ ਦਿੱਤੀ ਜਾਵੇ।
ਜ਼ਿਲ੍ਹਾ ਸਕੱਤਰ ਪ੍ਰਭਜੋਤ ਕੌਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਸਰਕਾਰ ਲੋਕਾਂ ਨੂੰ ਮੁਫ਼ਤ ਬਿਜਲੀ ਦੇ ਰਹੀ ਹੈ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਹਰੀਸ਼ ਕੌਸ਼ਲ, ਗੁਰਦੀਪ ਸਿੰਘ ਕੈਰੋਂ, ਕੁਲਜੀਤ ਸਿੰਘ ਰੰਧਾਵਾ, ਡਾ. ਚਿਰਾਜਦੀਪ ਸਿੰਘ ਆਹਲੂਵਾਲੀਆ, ਯੂਥ ਆਗੂ ਹਰਜੀਤ ਸਿੰਘ ਬੰਟੀ, ਸਵਰਨਜੀਤ ਕੌਰ ਬਲਟਾਣਾ, ਸਵੀਟੀ ਸ਼ਰਮਾ, ਗੁਰਤੇਜ ਸਿੰਘ ਪੰਨੂ, ਰਮੇਸ਼ ਸ਼ਰਮਾ, ਜਸਪਾਲ ਕਾਉਣੀ, ਮਨਦੀਪ ਮਟੌਰ, ਅਜੀਤ ਕਾਂਸਲ ਮੌਜੂਦ ਸਨ।
ਮੋਗਾ(ਮਹਿੰਦਰ ਸਿੰਘ ਰੱਤੀਆਂ): ਆਮ ਆਦਮੀ ਪਾਰਟੀ ਵੱਲੋਂ ਸੂਬੇ ਵਿੱਚ ਮਹਿੰਗੀ ਬਿਜਲੀ ਦਰਾਂ ਖ਼ਿਲਾਫ਼ 7 ਅਪਰੈਲ ਤੋਂ ਜਨ ਅੰਦੋਲਨ ਦੌਰਾਨ ਬਿਜਲੀ ਬਿੱਲ ਸਾੜਨ ਦਾ ਫ਼ੈਸਲਾ ਕੀਤਾ ਗਿਆ ਹੈ। ’ਆਪ’ ਕੈਪਟਨ ਸਰਕਾਰ ਨੂੰ ਦਿੱਲੀ ਦੀ ਤਰਜ ਉਤੇ ਪੰਜਾਬ ਦੇ ਲੋਕਾਂ ਨੂੰ ਵੀ ਮੁਫਤ ਬਿਜਲੀ ਲਈ ਮਜ਼ਬੂਰ ਕਰੇਗੀ।
ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਬਿਜਲੀ ਕੀਮਤਾਂ ਨੇ ਲੋਕਾਂ ਦਾ ਜਿਉਣਾ ਹੋਰ ਦੁੱਭਰ ਕਰ ਦਿੱਤਾ ਹੈ। ਇਸ ਮੌਕੇ ਪਾਰਟੀ ਦੇ ਹਲਕਾ ਇੰਚਾਰਜ਼ ਨਵਦੀਪ ਸਿੰਘ ਸੰਘਾਂ ਅਤੇ ਜ਼ਿਲ੍ਹਾ ਪ੍ਰਧਾਨ ਹਰਮਨਜੀਤ ਸਿੰਘ ਬਰਾੜ ਅਤੇ ਸਰਗਰਮ ਆਗੂ ਅਜੇ ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਬਿਜਲੀ ਪੈਦਾ ਹੁੰਦੀ ਹੈ, ਜਦੋਂ ਕਿ ਦਿੱਲੀ ਵਿੱਚ ਆਪਣਾ ਕੋਈ ਥਰਮਲ ਨਹੀਂ ਤੇ ਬਾਹਰੋਂ ਬਿਜਲੀ ਖਰੀਦਕੇ ਵੀ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਲੋਕਾਂ ਨੂੰ ਮੁਫਤ ਬਿਜਲੀ ਦੇ ਰਹੀ ਹੈ।