ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 29 ਮਈ
ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਆਪਣੇ ਸਮਰਥਕਾਂ ਨਾਲ ਕਾਰਾਂ ਅਤੇ ਟਰੈਕਟਰਾਂ ਦੇ ਵੱਡੇ ਕਾਫ਼ਲੇ ਸਮੇਤ ਚਮਕੌਰ ਸਾਹਿਬ ਵਿੱਚ ਕਮਲ ਪੈਲਿਸ ਤੋਂ ਸ਼ੁਰੂ ਹੋ ਕੇ ਰੋਡ ਸ਼ੋਅ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਤੋਂ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਪਾਰਟੀ ਦਫ਼ਤਰ ਤੱਕ ਪੁੱਜਿਆ। ਪ੍ਰੋ. ਚੰਦੂਮਾਜਰਾ ਨੇ ਹਲਕਾ ਵਾਸੀਆਂ ਨੂੰ 1 ਜੂਨ ਨੂੰ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਆਪ ਅਤੇ ਕਾਂਗਰਸ ਛੱਡ ਆਏ ਨੌਜਵਾਨਾਂ ਦੀ ਪਾਰਟੀ ’ਚ ਸ਼ਮੂਲੀਅਤ ਨੇ ਅਕਾਲੀ ਦਲ ਦਾ ਆਧਾਰ ਹੋਰ ਮਜ਼ਬੂਤ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੇ ਸੂਬੇ ਦੇ ਵਿਕਾਸ ਨੂੰ ਵੱਡੀ ਢਾਹ ਲਗਾਉਂਦਿਆਂ ਪੰਜਾਬ ਦੇ ਉਦਯੋਗਿਕ ਅਤੇ ਖੇਤੀ ਖੇਤਰ ਨੂੰ ਉਜਾੜੇ ਦੇ ਕੰਢੇ ਪਹੁੰਚਾ ਦਿੱਤਾ। ਇਸ ਮੌਕੇ ਹਲਕਾ ਇੰਚਾਰਜ ਕਰਨ ਸਿੰਘ ਡੀਟੀਓ, ਸੀਨੀਅਰ ਆਗੂ ਹਰਮੋਹਨ ਸਿੰਘ ਸੰਧੂ, ਪਰਮਜੀਤ ਸਿੰਘ ਲੱਖੇਵਾਲ, ਬੀਬੀ ਜਗਮੀਤ ਕੌਰ ਸੰਧੂ, ਪੀਏਸੀ ਮੈਂਬਰ ਅਮਨਦੀਪ ਸਿੰਘ ਮਾਂਗਟ, ਬਲਦੇਵ ਸਿੰਘ ਹਾਫਿਜ਼ਾਬਾਦਾ, ਬਾਈ ਪਰਮਿੰਦਰ ਸਿੰਘ ਸੇਖੋਂ, ਲਖਵੀਰ ਸਿੰਘ ਲੱਖੀ, ਪਰਮਜੀਤ ਸਿੰਘ, ਨਿਰਮਲ ਸਿੰਘ ਰੰਗਾ, ਰਾਜੀਵ ਬਾਂਸਲ ਅਤੇ ਕਰਨੈਲ ਸਿੰਘ ਹਾਜ਼ਰ ਸਨ।
ਮੋਰਿੰਡਾ (ਪੱਤਰ ਪ੍ਰੇਰਕ): ਅਕਾਲੀ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ਵਿੱਚ ਮੋਰਿੰਡਾ ਵਿੱਚ ਹਲਕਾ ਇੰਚਾਰਜ ਕਰਨ ਸਿੰਘ ਡੀਟੀਓ ਦੀ ਅਗਵਾਈ ਹੇਠ ਸੈਂਕੜੇ ਸਮਰਥਕਾਂ ਨਾਲ ਰੋਡ ਸ਼ੋਅ ਕੀਤਾ ਗਿਆ।
‘ਮੁੱਖ ਮੰਤਰੀ ਨੇ ਦਿੱਲੀ ਵੱਲ ਖੋਲ੍ਹਿਆ ਸਰਕਾਰੀ ਖਜ਼ਾਨੇ ਦਾ ਮੂੰਹ’
ਐੱਸਏਐੱਸ ਨਗਰ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਖ਼ੁਸ਼ ਕਰਨ ਵਿੱਚ ਲੱਗੇ ਰਹਿੰਦੇ ਹਨ। ਇਹੀ ਕਾਰਨ ਹੈ ਕਿ ਮੁੱਖ ਮੰਤਰੀ ਨੇ ਪੰਜਾਬ ਨੂੰ ਵਿਸਾਰ ਕੇ ਸਰਕਾਰੀ ਖ਼ਜ਼ਾਨੇ ਦਾ ਮੂੰਹ ਦਿੱਲੀ ਵੱਲ ਖੋਲ੍ਹ ਦਿੱਤਾ ਹੈ। ਉਹ ਸੈਕਟਰ-64 ਵਿੱਚ ਚੋਣ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਦੇ ‘ਆਪ’ ਆਗੂ ਪੰਜਾਬ ਦੇ ਪੈਸੇ ਨੂੰ ਹੋਰਨਾਂ ਸੂਬਿਆਂ ਵਿੱਚ ਪਾਰਟੀ ਦਾ ਨਾਮ ਚਮਕਾਉਣ ਲਈ ਖ਼ਰਚ ਕਰ ਰਹੇ ਹਨ। ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਆਗੂਆਂ ਨੇ ਆਪਣੇ ਪੰਜ ਸਾਲ ਦੇ ਕਾਲੇ ਕਾਰਨਾਮਿਆਂ ਨੂੰ ਲੁਕਾਉਣ ਲਈ ‘ਆਪ’ ਨਾਲ ਸਾਂਝ ਪਾ ਕੇ ਚੋਣਾਂ ਲੜੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ‘ਆਪ’ ਇੱਕ ਸਿੱਕੇ ਦੇ ਦੋ ਪਹਿਲੂ ਹਨ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਅਤੇ ‘ਆਪ’ ਦੇ ਗੁਮਰਾਹਕੁਨ ਪ੍ਰਚਾਰ ਅਤੇ ਝੂਠੇ ਲਾਰਿਆਂ ਤੋਂ ਸੁਚੇਤ ਰਹਿਣ।