ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 6 ਫਰਵਰੀ
ਮੁਹਾਲੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਕੁਲਵੰਤ ਸਿੰਘ ਦੀ ਚੋਣ ਮੁਹਿੰਮ ਨੂੰ ਭਖਾਉਂਦੇ ਹੋਏ ਭਗਵੰਤ ਮਾਨ ਨੇ ਮੁਹਾਲੀ ਵਿੱਚ ਵਿਸ਼ਾਲ ਰੋਡ ਸ਼ੋਅ ਕੱਢਿਆ ਅਤੇ ਕਈ ਥਾਵਾਂ ’ਤੇ ਚੋਣ ਜਲਸਿਆਂ ਨੂੰ ਸੰਬੋਧਨ ਕਰਕੇ ‘ਆਪ’ ਵਲੰਟੀਅਰਾਂ ਅਤੇ ਨੌਜਵਾਨਾਂ ਵਿੱਚ ਜੋਸ਼ ਭਰਿਆ। ਉਨ੍ਹਾਂ ਨੇ ਬਲੌਂਗੀ ਮਾਰਕੀਟ, ਫੇਜ਼-3ਬੀ2 ਦੀ ਮਾਰਕੀਟ, ਸੈਕਟਰ-79, ਫੇਜ਼-11 ਮਾਰਕੀਟ ਅਤੇ ਸੈਕਟਰ-82 ਵਿੱਚ ਚੋਣ ਪ੍ਰਚਾਰ ਕੀਤਾ ਅਤੇ ਵਿਕਾਸ ਦੇ ਨਾਂ ’ਤੇ ਵੋਟਾਂ ਮੰਗੀਆਂ। ਭਗਵੰਤ ਮਾਨ ਨੇ ਕਿਹਾ ਕਿ ‘ਆਪ’ ਦਾ ਮੁਕਾਬਲਾ ਕਾਂਗਰਸ, ਅਕਾਲੀ ਦਲ ਜਾਂ ਭਾਜਪਾ ਨਾਲ ਨਹੀਂ ਹੈ, ਬਲਕਿ ਬੇਰੁਜ਼ਗਾਰੀ, ਗੁੰਡਾਗਰਦੀ ਅਤੇ ਭ੍ਰਿਸ਼ਟਾਚਾਰ ਨਾਲ ਹੈ। ਉਨ੍ਹਾਂ ਕਿਹਾ ਕਿ ਉਕਤ ਪਾਰਟੀਆਂ ਨੇ ਦੋਸਤਾਨਾ ਮੈਚ ਖੇਡਦਿਆਂ ਵਾਰੀ ਬੰਨ੍ਹ ਕੇ ਪੰਜਾਬ ਵਿੱਚ ਰਾਜ ਕੀਤਾ ਅਤੇ ਸੂਬੇ ਨੂੰ ਕੰਗਾਲ ਬਣਾ ਕੇ ਰੱਖ ਦਿੱਤਾ। ਉਨ੍ਹਾਂ ਨੇ ਪਾਰਟੀ ਉਮੀਦਵਾਰ ਕੁਲਵੰਤ ਸਿੰਘ ਨੂੰ ਮਿਨਹਤੀ ਅਤੇ ਇਮਾਨਦਾਰ ਦੱਸਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੁਲਵੰਤ ਸਿੰਘ ਨੂੰ ਵੱਡੀ ਲੀਡ ਨਾਲ ਜਿੱਤ ਦਿਵਾਉਣ।
ਲਾਲੜੂ(ਸਰਬਜੀਤ ਸਿੰਘ ਭੱਟੀ): ਭਗਵੰਤ ਮਾਨ ਨੇ ਲਾਲੜੂ ਵਿੱਚ ਹਲਕਾ ਡੇਰਾਬਸੀ ਤੋਂ ‘ਆਪ’ ਦੇ ਉਮੀਦਵਾਰ ਕੁਲਜੀਤ ਸਿੰਘ ਰੰਧਾਵਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਉਨ੍ਹਾਂ ਇਥੇ ਪੁਰਾਣੀ ਅਨਾਜ ਮੰਡੀ ਵਿੱਚ ਚੋਣ ਮੀਟਿੰਗ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਹਲਕਾ ਡੇਰਾਬਸੀ ਤੋਂ ‘ਆਪ’ ਦੇ ਉਮੀਦਵਾਰ ਕੁਲਜੀਤ ਸਿੰਘ ਰੰਧਾਵਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ’ਤੇ ਪੰਜਾਬ ਨੂੰ ਰੇਤ ਮਾਫੀਆ, ਟਰਾਂਸਪੋਰਟ ਮਾਫੀਆ, ਨਸ਼ਾ ਅਤੇ ਭ੍ਰਿਸਟਾਚਾਰ ਤੋਂ ਮੁਕਤ ਕੀਤਾ ਜਾਵੇਗਾ।
ਜ਼ੀਰਕਪੁਰ(ਹਰਜੀਤ ਸਿੰਘ): ਭਗਵੰਤ ਮਾਨ ਨੇ ਇਥੇ ਕੁਲਜੀਤ ਸਿੰਘ ਰੰਧਾਵਾ ਦੇ ਹੱਕ ਵਿੱਚ ਰੋਡ ਸ਼ੋਅ ਕੱਢਿਆ। ਇਸ ਦੌਰਾਨ ਹਲਕਾ ਵਾਸੀਆਂ ਵਿੱਚ ਭਗਵੰਤ ਮਾਨ ਪ੍ਰਤੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਉਨ੍ਹਾਂ ਦਾ ਸਵਾਗਤ ਕਰਨ ਲਈ ਵੱਡੀ ਗਿਣਤੀ ਹਲਕਾ ਵਾਸੀ ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ ’ਤੇ ਪਹੁੰਚੇ ਹੋਏ ਸਨ। ਉਨ੍ਹਾਂ ਨੇ ਲੋਕਾਂ ਨੂੰ ਰਵਾਇਤੀ ਪਾਰਟੀਆਂ ਤੋਂ ਪੰਜਾਬ ਨੂੰ ਮੁਕਤ ਕਰਵਾਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਕੁਲਜੀਤ ਸਿੰਘ ਰੰਧਾਵਾ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਲੋਕਾਂ ਨੇ ਇਸ ਦੌਰਾਨ ਫੁੱਲਾਂ ਦੀ ਵਰਖਾ ਵੀ ਕੀਤੀ। ਬਨੂੜ(ਕਰਮਜੀਤ ਸਿੰਘ ਚਿੱਲਾ): ਭਗਵੰਤ ਮਾਨ ਨੇ ਅੱਜ ਬਨੂੜ ਅਤੇ ਖੇੜਾ ਗੱਜੂ ਵਿੱਚ ਪਾਰਟੀ ਦੀ ਰਾਜਪੁਰਾ ਹਲਕੇ ਤੋਂ ਉਮੀਦਵਾਰ ਨੀਨਾ ਮਿੱਤਲ ਦੇ ਹੱਕ ਵਿੱਚ ਚੋਣ ਇਕੱਠਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਇਸ ਮੌਕੇ ਪੰਜਾਬ ਦੇ ਭਲੇ ਲਈ ਐਤਕੀਂ ਕੁਰਸੀਆਂ ਦੇ ਭੁੱਖਿਆਂ ਨੂੰ ਝਾੜੂ ਨਾਲ ਸਾਫ਼ ਕਰਨ ਦਾ ਹੋੋਕਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕਰਜ਼ੇ, ਨਸ਼ਿਆਂ, ਬੇਰੁਜ਼ਗਾਰੀ ਅਤੇ ਵੱਖ-ਵੱਖ ਤਰਾਂ ਦੇ ਮਾਫ਼ੀਏ ਦੇ ਰਾਹ ਧੱਕਣ ਅਤੇ ਨੌਜਵਾਨਾਂ ਨੂੰ ਇੱਥੋਂ ਪਰਵਾਸ ਲਈ ਮਜਬੂਰ ਕਰਨ ਲਈ ਰਵਾਇਤੀ ਧਿਰਾਂ ਜ਼ਿੰਮੇਵਾਰ ਹਨ।
ਚੋਣ ਕਮਿਸ਼ਨ ਵੱਲੋਂ ‘ਆਪ’ ਨੂੰ ਨੋਟਿਸ
ਜ਼ੀਰਕਪੁਰ(ਨਿਜੀ ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਦੇ ਹਲਕਾ ਡੇਰਾਬੱਸੀ ਵਿੱਚ ਪਾਰਟੀ ਦੇ ਉਮੀਦਵਾਰ ਕੁਲਜੀਤ ਸਿੰਘ ਰੰਧਾਵਾ ਦੇ ਹੱਕ ਵਿੱਚ ਕੀਤੇ ਰੋਡ ਸ਼ੋਅ ਦਾ ਚੋਣ ਕਮਿਸ਼ਨ ਨੇ ਨੋਟਿਸ ਲਿਆ ਹੈ। ਰਿਟਰਨਿੰਗ ਅਫਸਰ ਕਮ ਐਸ.ਡੀ.ਐਮ. ਡੇਰਾਬੱਸੀ ਸਵਾਤੀ ਟਿਵਾਣਾ ਨੇ ਆਮ ਆਦਮੀ ਪਾਰਟੀ ਨੂੰ ਨੋਟਿਸ ਜਾਰੀ ਕਰਕੇ ਇਸ ਸਬੰਧੀ 24 ਘੰਟੇ ਵਿੱਚ ਜਵਾਬ ਦੇਣ ਲਈ ਕਿਹਾ ਹੈ। ਪਾਰਟੀ ਉਮੀਦਵਾਰ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਸਬੰਧੀ ਪਹਿਲਾਂ ਕੋਈ ਤਿਆਰੀ ਨਹੀਂ ਸੀ। ਭਗਵੰਤ ਮਾਨ ਨੇ ਕੁਝ ਲੋਕਾਂ ਨਾਲ ਹੀ ਇਥੇ ਆਉਣ ਸੀ, ਪਰ ਉਨ੍ਹਾਂ ਦਾ ਲੋਕਾਂ ਪ੍ਰਤੀ ਪਿਆਰ ਦੇਖਦਿਆਂ ਲੋਕ ਆਪ ਮੁਹਾਰੇ ਕਾਫਲੇ ਨਾਲ ਜੁੜਦੇ ਚਲੇ ਗਏ।