ਆਤਿਸ਼ ਗੁਪਤਾ
ਚੰਡੀਗੜ੍ਹ, 19 ਜੂਨ
ਆਮ ਆਦਮੀ ਪਾਰਟੀ ਚੰਡੀਗੜ੍ਹ ਨੇ ਪਿਛਲੇ ਦਿਨੀਂ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਵੱਲੋਂ ਐਲਾਨੇ ਨੀਟ ਦੇ ਨਤੀਜਿਆਂ ਵਿੱਚ ਧਾਂਦਲੀ ਵਿਰੁੱਧ ਅੱਜ ਰੋਸ ਮੁਜ਼ਾਹਰਾ ਕੀਤਾ। ‘ਆਪ’ ਆਗੂਆਂ ਨੇ ਪੰਜਾਬ ਰਾਜ ਭਵਨ ਤੋਂ ਕੁਝ ਦੂਰੀ ’ਤੇ ਸੈਕਟਰ-7 ਵਿੱਚ ਇਕੱਤਰ ਹੋ ਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ‘ਆਪ’ ਆਗੂਆਂ ਨੇ ਉਕਤ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ‘ਆਪ’ ਆਗੂ ਇਕੱਠੇ ਹੋ ਕੇ ਦੇਸ਼ ਦੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਰਾਜਪਾਲ ਨੂੰ ਸੌਂਪਣ ਲਈ ਰਾਜ ਭਵਨ ਵੱਲ ਅੱਗੇ ਵਧੇ ਤਾਂ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਰਾਹ ਵਿੱਚ ਰੋਕ ਲਿਆ। ਇਸ ਦੌਰਾਨ ਪੁਲੀਸ ਤੇ ਪ੍ਰਦਰਸ਼ਨਕਾਰੀਆਂ ਵਿੱਚ ਕਾਫੀ ਖਿੱਚ-ਧੂਹ ਹੋਈ, ਜਿਸ ਤੋਂ ਬਾਅਦ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਇੰਡਸਟਰੀਅਲ ਏਰੀਆ ਪੁਲੀਸ ਥਾਣੇ ਵਿੱਚ ਬੰਦ ਕਰ ਦਿੱਤਾ, ਜਿਨ੍ਹਾਂ ਨੂੰ ਬਾਅਦ ਦੁਪਹਿਰ ਛੱਡਿਆ ਗਿਆ। ਇਹ ਪ੍ਰਦਰਸ਼ਨ ਮੇਅਰ ਕੁਲਦੀਪ ਕੁਮਾਰ ਟੀਟਾ ਤੇ ‘ਆਪ’ ਚੰਡੀਗੜ੍ਹ ਦੇ ਸਹਿ-ਇੰਚਾਰਜ ਡਾ. ਐੱਸਐੱਸ ਆਹਲੂਵਾਲੀਆ ਦੀ ਅਗਵਾਈ ਹੇਠ ਕੀਤਾ ਗਿਆ।
ਇਸ ਮੌਕੇ ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਦੇਸ਼ ਵਿੱਚ ਭਾਜਪਾ ਰਾਜ ਵਿੱਚ ਵੱਡੇ-ਵੱਡੇ ਘੁਟਾਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨ ਨੀਟ ਦੇ ਨਤੀਜਿਆਂ ਵਿੱਚ ਜੋ ਗੜਬੜੀਆਂ ਸਾਹਮਣੇ ਆਈਆਂ ਹਨ, ਉਸ ਦੇ ਨਾਲ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਖਰਾਬ ਹੋ ਗਿਆ ਹੈ।
ਸਾਰੀਆਂ ਗੜਬੜੀਆਂ ਸਾਹਮਣੇ ਆਉਣ ਦੇ ਬਾਵਜੂਦ ਵੀ ਭਾਜਪਾ ਵੱਲੋਂ ਇਸ ਨੂੰ ਦਬਾਇਆ ਜਾ ਰਿਹਾ ਹੈ ਅਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਹੋਣ ਤੋਂ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡਾ. ਐੱਸਐੱਸ ਆਹਲੂਵਾਲੀਆ ਨੇ ਕਿਹਾ ਕਿ ਨੀਟ ਦੇ ਨਤੀਜਿਆਂ ਦੇ ਐਲਾਨ ਨੂੰ 14 ਦਿਨ ਬੀਤੇ ਚੁੱਕੇ ਹਨ, ਜਿਨ੍ਹਾਂ ਲੋਕਾਂ ਨੇ ਨੀਟ ਵਿੱਚ ਘੁਟਾਲਾ ਕਰ ਕੇ ਨਤੀਜਿਆਂ ਨੂੰ ਆਪਣੇ ਮੁਤਾਬਕ ਬਦਲਿਆ ਹੈ, ਉਨ੍ਹਾਂ ਖ਼ਿਲਾਫ਼ ਕੋਈ ਜਾਂਚ ਜਾਂ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ ਹੈ। ਜੇਕਰ ਭਾਜਪਾ ਸਰਕਾਰ ਵਲੋਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਤਿੱਖਾ ਕੀਤਾ ਜਾਵੇਗਾ।