ਹਰਜੀਤ ਸਿੰਘ
ਜ਼ੀਰਕਪੁਰ, 21 ਫਰਵਰੀ
ਇੱਥੋਂ ਦੀ 200 ਫੁੱਟੀ ਐਰੋਸਿਟੀ ਰੋਡ ਦੀ ਹਾਲਤ ਲੰਘੇ ਕਈ ਦਿਨਾਂ ਤੋਂ ਖਸਤਾ ਬਣੀ ਹੋਈ ਹੈ ਜਿੱਥੇ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਇੱਥੇ ਖੱਡਿਆਂ ਵਿੱਚ ਡਿੱਗ ਕੇ ਕਈ ਵਾਹਨ ਜਿੱਥੇ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ। ਜਾਣਕਾਰੀ ਅਨੁਸਾਰ ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ’ਤੇ ਸਥਿਤ ਜ਼ੀਰਕਪੁਰ ਮੈਕ ਡੌਨਲਡ ਚੌਕ ਤੋਂ ਮੁਹਾਲੀ ਤੋਂ ਹੁੰਦੇ ਹੋਏ ਖਰੜ ਨਾਲ ਜੋੜਨ ਵਾਲੀ 200 ਫੁੱਟੀ ਐਰੋਸਿਟੀ ਅਹਿਮ ਸੜਕ ਹੈ। ਇਸ ਸੜਕ ਹਵਾਈ ਅੱਡੇ ਨੂੰ ਜਾਣ ਆਉਣ ਵਾਲੇ ਯਾਤਰੀਆਂ ਤੋਂ ਇਲਾਵਾ ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ਨੂੰ ਪੰਜਾਬ ਨਾਲ ਜੋੜਨ ਦਾ ਕੰਮ ਕਰਦੀ ਹੈ। ਇਸ ਤੋਂ ਪਹਿਲਾਂ ਵਾਹਨ ਚਾਲਕਾਂ ਨੂੰ ਖਰੜ, ਮੁਹਾਲੀ ਅਤੇ ਰੋਪੜ ਜਾਣ ਲਈ ਚੰਡੀਗੜ੍ਹ ਤੋਂ ਹੋ ਕੇ ਜਾਣਾ ਪੈਂਦਾ ਸੀ। ਇਹ ਸੜਕ ਚੰਡੀਗੜ੍ਹ ਰਿੰਗ ਰੋਡ ਦਾ ਵੀ ਕੰਮ ਕਰ ਰਹੀ ਹੈ ਜਿਸ ’ਤੇ ਹਰ ਵੇਲੇ ਭਾਰੀ ਆਵਾਜਾਈ ਰਹਿੰਦੀ ਹੈ। ਲੰਮੇ ਸਮੇਂ ਤੋਂ ਇਸ ਦੀ ਮੁਰੰਮਤ ਨਾ ਹੋਣ ਕਾਰਨ ਇੱਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਦਿੱਕਤ ਝੱਲਣੀ ਪੈਂਦੀ ਹੈ। ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਗਿਰੀਸ਼ ਵਰਮਾ ਨੇ ਕਿਹਾ ਕਿ ਇਹ ਸੜਕ ਗਮਾਡਾ ਦੇ ਅਧੀਨ ਆਉਂਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਗਮਾਡਾ ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰ ਕੇ ਇਸ ਸੜਕ ਨੂੰ ਛੇਤੀ ਠੀਕ ਕਰਵਾਇਆ ਜਾਵੇਗਾ।