ਪੱਤਰ ਪ੍ਰੇਰਕ
ਖਰੜ, 3 ਸਤੰਬਰ
ਇਥੇ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਵੱਲੋਂ ਖਰੜ-ਲਾਂਡਰਾਂ ਸੜਕ ਤੋਂ ਸ਼ੁਰੂ ਹੋ ਕੇ ਲਾਡਰਾਂ-ਚੁੰਨੀ ਸੜਕ ਨੂੰ ਪਾਰ ਕਰਦੇ ਹੋਏ ਬਣਾਏ ਜਾਣ ਵਾਲੇ ਖਰੜ ਬਾਈਪਾਸ ਦੀ ਜ਼ਮੀਨ ਜਾਣ ਬੁੱਝ ਕੇ ਲੰਬਾ ਕਰਨ ਦੇ ਦੋਸ਼ ਲਗਾਏ ਗਏ ਹਨ। ਅੱਜ ਇਸ ਸਬੰਧੀ ਇਥੇ ਗੱਬੇਮਾਜਰਾ ਦੇ ਸਾਬਕਾ ਸਰਪੰਚ ਗੁਰਮੀਤ ਸਿੰਘ ਅਤੇ ਜਸਵੀਰ ਕੌਰ ਅਤੇ ਲੰਬੜਦਾਰ ਹਰਚਰਨ ਸਿੰਘ ਆਦਿ ਨੇ ਦੋਸ਼ ਲਗਾਇਆ ਹੈ ਕਿ ਪਹਿਲਾਂ ਇਹ ਸੜਕ ਪਿੰਡ ਗੱਬੇਮਾਜਰਾ ਵਿੱਚੋਂ ਕੱਢਣ ਦੀ ਯੋਜਨਾ ਸੀ ਅਤੇ ਪਿੰਡ ਵਿੱਚ ਸਰਵੇ ਵੀ ਹੋਇਆ ਸੀ। ਉਨ੍ਹਾਂ ਦੱਸਿਆ ਕਿ ਹੁਣ ਕੁਝ ਦਿਨ ਪਹਿਲਾਂ ਇਸ ਸੜਕ ਨੂੰ ਗੱਬੇਮਾਜਰਾ ਤੋਂ ਕਾਫੀ ਅੱਗੇ ਪਿੰਡ ਪੋਪਨਾ ਵਿੱਚੋਂ ਕੱਢਣ ਦੀ ਯੋਜਨਾ ਬਣਾਈ ਗਈ ਹੈ ਅਤੇ ਕੁਝ ਦਿਨ ਪਹਿਲਾਂ ਹੀ ਪੋਪਨਾ ਪਿੰਡ ਵਿੱਚੋਂ ਇਸ ਸੜਕ ਦਾ ਸਰਵੇ ਵੀ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਫੀ ਦੂਰ ਤੱਕ ਸੜਕ ਘੁਮਾਉਣ ਕਰਕੇ ਜ਼ਮੀਨ ਜ਼ਿਆਦਾ ਖਰਾਬ ਹੋਵੇਗੀ ਅਤੇ ਸਰਕਾਰ ਦਾ ਖਰਚਾ ਵੀ ਜ਼ਿਆਦਾ ਹੋਵੇਗਾ। ਉਨ੍ਹਾਂ ਕਿਹਾ ਕਿ ਪਿੰਡ ਸੁਆੜਾ, ਗੱਬੇਮਾਜਰਾ, ਦਾਊਮਾਜਰਾ ਜ਼ਮੀਨ ਦਾ ਸਰਵੇ ਬਿਲਕੁਲ ਸਿੱਧਾ ਸੀ ਤੇ ਘੱਟ ਲੰਬਾਈ ਵਾਲਾ ਸੀ। ਇਸ ਸਰਵੇ ’ਤੇ ਜ਼ਮੀਨ ਦਾ ਰੇਟ ਵੀ ਘੱਟ ਹੈ ਅਤੇ ਸਸਤੀ ਜ਼ਮੀਨ ਮਿਲ ਜਾਵੇਗੀ। ਇੰਝ ਹੀ ਸ਼ਾਮਲਾਟ ਜ਼ਮੀਨ ਵੀ ਜ਼ਿਆਦਾ ਆਉਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਪੁਰਾਣੇ ਸਰਵੇ ਅਨੁਸਾਰ ਹੀ ਸੜਕ ਦੀ ਉਸਾਰੀ ਕਰੇ ਤਾਂ ਕਿ ਲਾਂਡਰਾ ਤੋਂ ਖਰੜ ਤੱਕ ਲੱਗਦੇ ਸੜਕ ਜਾਮਾਂ ਤੋਂ ਲੋਕਾਂ ਨੂੰ ਛੁਟਕਾਰਾ ਮਿਲ ਸਕੇ।