ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 30 ਸਤੰਬਰ
ਇਥੋਂ ਦੀ ਜੁਆਇੰਟ ਐਕਸ਼ਨ ਕਮੇਟੀ ਨੇ ਦੋਸ਼ ਲਾਇਆ ਕਿ ਸ਼ਹਿਰ ਵਿੱਚ ਨਿਯਮਾਂ ਨੂੰ ਛਿੱਕੇ ਟੰਗ ਕੇ ਨਾਮੀ ਹਾਊਸਿੰਗ ਅਤੇ ਕਮਰਸ਼ੀਅਲ ਪ੍ਰਾਜੈਕਟਾਂ ਦੀ ਉਸਾਰੀਆਂ ਹੋ ਰਹੀਆਂ ਹਨ। ਇਸ ਖ਼ਿਲਾਫ਼ ਲੜਾਈ ਲੜ ਰਹੀ ਜੁਆਇੰਟ ਐਕਸ਼ਨ ਕਮੇਟੀ ਨੇ ਹੁਣ ਅਦਾਲਤ ਦਾ ਦਰਵਾਜ਼ਾ ਖੜਕਾਉਣ ਦਾ ਫੈ਼ਸਲਾ ਲਿਆ ਹੈ। ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਦੇਵ ਚੌਧਰੀ ਸਮੇਤ ਹੋਰ ਮੈਂਬਰਾਂ ਨੇ ਦੱਸਿਆ ਕਿ ਸ਼ਹਿਰ ਵਿੱਚ ਬਿਲਡਰਾਂ ਅਤੇ ਕਲੋਨਾਈਜ਼ਰਾਂ ਵੱਲੋਂ ਲਗਾਤਾਰ ਲੋਕਾਂ ਦੇ ਹਿੱਤਾਂ ਦੀ ਅਣਦੇਖੀ ਕਰਦਿਆਂ ਨਾਜਾਇਜ਼ ਉਸਾਰੀਆਂ ਕੀਤੀ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕਮਰਸ਼ੀਅਲ ਉਸਾਰੀ ਲਈ ਨਿਯਮਾਂ ਮੁਤਾਬਕ ਪਾਰਕਿੰਗ ਲਈ ਢੁੱਕਵੀਂ ਥਾਂ ਖਾਲੀ ਛੱਡਣ, ਸੜਕ ਤੋਂ ਢੁੱਕਵੀਂ ਦੂਰੀ ਛੱਡਣ ਸਮੇਤ ਹੋਰ ਅਹਿਮ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ। ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਸ਼ੋਅਰੂਮਾਂ ਦਾ ਪੂਰਾ ਪ੍ਰਾਜੈਕਟ ਪਾਸ ਕਰਵਾਉਣ ਦੀ ਥਾਂ ਸਿੰਗਲ ਸਿੰਗਲ ਸ਼ੋਅਰੂਮ ਦਾ ਨਕਸ਼ਾ ਪਾਸ ਕਰਵਾ ਕੇ ਨਾਜਾਇਜ਼ ਤੌਰ ’ਤੇ ਪੂਰਾ ਪ੍ਰਾਜੈਕਟ ਵਿਖਾ ਕੇ ਵੇਚਿਆ ਜਾਂਦਾ ਹੈ ਜਿਸ ਨਾਲ ਗਾਹਕਾਂ ਨਾਲ ਸਰੇਆਮ ਧੋਖਾਧੜੀ ਹੋ ਰਹੀ ਹੈ। ਇਸੇ ਤਰ੍ਹਾਂ ਦੋ, ਤਿੰਨ ਮੰਜ਼ਿਲਾ ਇਮਾਰਤਾਂ ਬਣਾ ਕੇ ਗ਼ੈਰਕਾਨੂੰਨੀ ਢੰਗ ਨਾਲ ਵੇਚੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਵੀ ਸ਼ਹਿਰ ਦੇ ਪੀਰਮੁਛੱਲਾ ਖੇਤਰ ਵਿੱਚ ਇਕ ਤਿੰਨ ਮੰਜ਼ਿਲਾ ਇਮਾਰਤ ਢਹਿ ਢੇਰੀ ਹੋ ਗਈ ਸੀ। ਕਮੇਟੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਛੇਤੀ ਵਿਭਾਗ ਵੱਲੋਂ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਅਦਾਲਤ ਵਿੱਚ ਜਾਣਗੇ। ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਸੰਦੀਪ ਤਿਵਾੜੀ ਨਾਲ ਗੱਲ ਕਰਨ ’ਤੇ ਊਨ੍ਹਾਂ ਦੱਸਿਆ ਕਿ ਸ਼ਿਕਾਇਤ ਮਿਲਣ ਮਗਰੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਊਸਾਰੀ ਨਾਜਾਇਜ਼ ਪਾਈ ਗਈ ਤਾਂ ਸਬੰਧਿਤ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।