ਆਤਿਸ਼ ਗੁਪਤਾ
ਚੰਡੀਗੜ੍ਹ, 11 ਫਰਵਰੀ
ਇਥੋਂ ਦੇ ਸੈਕਟਰ-61 ਵਿੱਚ ਪੁਲੀਸ ਚੌਕੀ ਨੇੜੇ ਸਥਿਤ ਚੰਡੀਗੜ੍ਹ ਸਟੇਟ ਕੋਆਪਰੇਟਿਵ ਬੈਂਕ ਵਿੱਚੋਂ ਤਿੰਨ ਦਿਨ ਪਹਿਲਾਂ 8.65 ਲੱਖ ਰੁਪਏ ਲੁੱਟਣ ਦੇ ਮਾਮਲੇ ਵਿੱਚ ਪੁਲੀਸ ਨੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੀ ਪਛਾਣ ਹਰਜੋਤ ਸਿੰਘ ਵਾਸੀ ਫੇਜ਼-3 ਮੁਹਾਲੀ ਵਜੋਂ ਹੋਈ ਹੈ। ਪੁਲੀਸ ਨੇ ਉਸ ਤੋਂ 8.48 ਲੱਖ ਰੁਪਏ ਅਤੇ ਵਾਰਦਾਤ ਲਈ ਵਰਤੀ ਕਾਰ ਅਤੇ ਖਿਡੌਣਾ ਪਿਸਤੌਲ ਬਰਾਮਦ ਕਰ ਲਈ ਹੈ। ਇਹ ਖੁਲਾਸਾ ਐੱਸਐੱਸਪੀ ਕੁਲਦੀਪ ਸਿੰਘ ਚਹਿਲ ਨੇ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਦੱਸਿਆ ਕਿ ਮੁਲਜ਼ਮ 8 ਫਰਵਰੀ ਨੂੰ ਸੈਕਟਰ-61 ਪੁਲੀਸ ਚੌਕੀ ਨੇੜੇ ਸਥਿਤ ਚੰਡੀਗੜ੍ਹ ਸਟੇਟ ਕੋਆਪਰੇਟਿਵ ਬੈਂਕ ਵਿੱਚ ਦਾਖਲ ਹੋਇਆ ਸੀ ਤੇ ਖਿਡੌਣੇ ਵਾਲੀ ਬੰਦੂਕ ਦਿਖਾ ਕੇ 8.65 ਲੱਖ ਰੁਪਏ ਲੁੱਟ ਕੇ ਕਾਰ ਵਿੱਚ ਬੈਠ ਕੇ ਫ਼ਰਾਰ ਹੋ ਗਿਆ ਸੀ। ਪੁਲੀਸ ਨੇ ਇਸ ਮਾਮਲੇ ਸਬੰਧੀ ਪੜਤਾਲ ਸ਼ੁਰੂ ਕੀਤੀ ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪਿਛਲੇ ਕਈ ਦਿਨਾਂ ਤੋਂ ਬੈਂਕ ਅਤੇ ਮਾਰਕੀਟ ਵਿੱਚ ਰੇਕੀ ਕਰ ਰਿਹਾ ਸੀ ਜਿਸ ਤੋਂ ਬਾਅਦ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲੀਸ ਅਨੁਸਾਰ ਹਰਜੋਤ ਨੇ ਲੁੱਟ ਦੀ ਰਕਮ ਵਿੱਚੋਂ 17 ਹਜ਼ਾਰ ਰੁਪਏ ਖਰਚ ਕੀਤੇ ਹਨ ਜਦਕਿ ਬਾਕੀ ਰਹਿੰਦੇ 8.48 ਲੱਖ ਰੁਪਏ ਬਰਾਮਦ ਕਰ ਲਏ ਗਏ ਹਨ।
ਦੱਸਣਯੋਗ ਹੈ ਕਿ ਚੰਡੀਗੜ੍ਹ ਸਟੇਟ ਕੋਆਪਰੇਟਿਵ ਬੈਂਕ ਵਿੱਚ ਘਟਨਾ ਵੇਲੇ ਕੋਈ ਸੁਰੱਖਿਆ ਕਰਮੀ ਨਹੀਂ ਸੀ। ਇਸੇ ਦਾ ਫਾਇਦਾ ਚੁੱਕਦੇ ਹੋਏ ਮੁਲਜ਼ਮ ਨੇ ਬੈਂਕ ਵਿੱਚ ਦਾਖਲ ਹੋ ਕੇ ਨਕਲੀ ਬੰਦੂਕ ਦਿਖਾ ਕੇ 8.65 ਲੱਖ ਰੁਪਏ ਲੁੱਟ ਲਏ। ਇਸ ਘਟਨਾ ਬਾਰੇ ਥਾਣਾ ਸੈਕਟਰ-36 ਦੀ ਪੁਲੀਸ ਨੇ ਆਈਪੀਸੀ ਦੀ ਧਾਰਾ 392 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ। ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਕਿ ਵਾਰਦਾਤ ਤੋਂ ਕਈ ਦਿਨ ਪਹਿਲਾਂ ਬੈਂਕ ਦੇ ਸੀਸੀਟੀਵੀ ਕੈਮਰੇ ਵੀ ਕੰਮ ਨਹੀਂ ਕਰ ਰਹੇ ਸਨ। ਬੈਂਕ ਅਧਿਕਾਰੀਆਂ ਦੀ ਕਥਿਤ ਢਿੱਲੀ ਕਾਰਗੁਜ਼ਾਰੀ ਵੀ ਕਈ ਸਵਾਲ ਖੜ੍ਹੇ ਕਰਦੀ ਹੈ।
ਚੋਰੀ ਦੇ ਮੋਟਰਸਾਈਕਲ ਸਣੇ ਦੋ ਕਾਬੂ
ਖਰੜ (ਸ਼ਸ਼ੀਪਾਲ ਜੈਨ): ਸਿਟੀ ਪੁਲੀਸ ਨੇ ਚੋਰੀ ਦੇ ਮੋਟਰਸਾਈਕਲ ਉੱਤੇ ਜਾਅਲੀ ਨੰਬਰ ਲਗਾ ਕੇ ਘੁੰਮਣ ਵਾਲੇ ਦੋ ਮੁਲਜ਼ਮਾਂ ਅੰਕਿਤ ਅਤੇ ਅਨਿਲ ਨੂੰ ਗ੍ਰਿਫਤਾਰ ਕੀਤਾ ਹੈ। ਇਸ ਕੇਸ ਦੇ ਜਾਂਚ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੁੂਚਨਾ ਮਿਲੀ ਸੀ ਕਿ ਉਪਰੋਕਤ ਵਿਅਕਤੀ ਚੋਰੀ ਦੇ ਮੋਟਰਸਾਈਕਲ ਉੱਤੇ ਜਾਅਲੀ ਨੰਬਰ ਲਗਾ ਕੇ ਘੁੰਮ ਰਹੇ ਹਨ। ਪੁਲੀਸ ਨੇ ਜਦੋਂ ਉਨ੍ਹਾਂ ਨੂੰ ਰੋਕਿਆ ਤਾਂ ਦੇਖਿਆ ਕਿ ਮੋਟਰਸਾਈਕਲ ਉੱਤੇ ਲਿਖਿਆ ਹੋਇਆ ਨੰਬਰ ਕਿਸੇ ਕਾਰ ਨਾਲ ਸਬੰਧਤ ਸੀ। ਅਦਾਲਤ ਨੇ ਉਨ੍ਹਾਂ ਨੂੰ ਦੋ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਤਾਲਾਬੰਦੀ ਕਾਰਨ ਚਲੀ ਗਈ ਸੀ ਨੌਕਰੀ
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਹਰਜੋਤ ਨੇ ਬੀ-ਫਾਰਮੈਸੀ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਪ੍ਰਾਈਵੇਟ ਨੌਕਰੀ ਕਰਦਾ ਹੈ। ਤਾਲਾਬੰਦੀ ਦੌਰਾਨ ਉਸ ਦੀ ਨੌਕਰੀ ਚਲੀ ਗਈ ਸੀ। ਪੁਲੀਸ ਨੇ ਮੁਲਜ਼ਮ ਤੋਂ ਪੁੱਛਗਿੱਛ ਲਈ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਤਾਂ ਅਦਾਲਤ ਨੇ ਹਰਜੋਤ ਨੂੰ ਦੋ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਪੁਲੀਸ ਉਸ ਦੇ ਅਪਰਾਧਿਕ ਪਿਛੋਕੜ ਜਾਂ ਵਾਰਦਾਤ ਵਿੱਚ ਸ਼ਾਮਲ ਹੋਰਨਾਂ ਵਿਅਕਤੀਆਂ ਬਾਰੇ ਪੁੱਛ-ਪੜਤਾਲ ਕਰ ਰਹੀ ਹੈ।