ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 22 ਜਨਵਰੀ
ਪੁਲੀਸ ਨੇ ਮੁਲਜ਼ਮ ਹੇਮ ਚੰਦ ਵਾਸੀ ਫੇਜ਼-10 ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਖ਼ਿਲਾਫ਼ ਸੈਂਟਰਲ ਥਾਣਾ ਫੇਜ਼-8 ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮ ਕੋਲੋਂ 9 ਵੱਡੇ ਤੇ 46 ਛੋਟੇ ਹੁੱਕੇ, 59 ਚਿਲਮਾਂ ਤੇ ਪਾਬੰਦੀਸ਼ੁਦਾ ਤੰਬਾਕੂ ਦੀ ਵੱਡੀ ਖੇਪ ਬਰਾਮਦ ਹੋਈ ਹੈ। ਐੱਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਡੀਐੱਸਪੀ (ਸਿਟੀ-2) ਦੀਪਕੰਵਲ ਦੀ ਨਿਗਰਾਨੀ ਹੇਠ ਸੈਂਟਰਲ ਥਾਣਾ ਫੇਜ਼-8 ਦੇ ਮੁਖੀ ਰਾਜੇਸ਼ ਅਰੋੜਾ ਦੀ ਅਗਵਾਈ ਵਾਲੀ ਟੀਮ ਨੇ ਫੇਜ਼-9 ਦੇ ਹੋਟਲ ਨੇੜੇ ਨਾਕਾਬੰਦੀ ਦੌਰਾਨ ਉੱਥੋਂ ਲੰਘ ਰਹੀ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਗੱਡੀ ’ਚੋਂ 2 ਵੱਡੇ ਅਤੇ 2 ਛੋਟੇ ਹੁੱਕੇ ਸਮੇਤ ਪਾਬੰਦੀਸ਼ੁਦਾ ਤੰਬਾਕੂ ਸਮੱਗਰੀ ਬਰਾਮਦ ਕੀਤੀ ਗਈ। ਕਾਰ ਵਿੱਚ ਹੇਮ ਚੰਦ ਸਵਾਰ ਸੀ। ਉਸ ਨੇ ਦੱਸਿਆ ਕਿ ਉਹ ਖ਼ੁਦ ਵੀ ਹੁੱਕੇ ਦਾ ਸੇਵਨ ਕਰਦਾ ਹੈ ਅਤੇ ਟਰਾਈਸਿਟੀ ਦੇ ਪੀਜੀ ਹਾਊਸਿਜ਼, ਸਮਾਗਮਾਂ ਅਤੇ ਪਾਰਟੀਆਂ ਸਮੇਤ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੀ ਹੁੱਕਾ ਸਪਲਾਈ ਕਰਦਾ ਹੈ। ਪੁਲੀਸ ਅਨੁਸਾਰ ਮੁਲਜ਼ਮ ਨੇ ਦੱਸਿਆ ਕਿ ਉਹ ਫੇਜ਼-10 ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ ਅਤੇ ਆਨ-ਡਿਮਾਂਡ ਫੋਨ ’ਤੇ ਹੁੱਕਾ ਅਤੇ ਹੋਰ ਨਸ਼ੀਲੇ ਪਦਾਰਥ ਮੁਹੱਈਆ ਕਰਵਾਉਂਦਾ ਹੈ।
ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਪੁਲੀਸ ਨੇ ਵੱਡੀ ਮਾਤਰਾ ਵਿੱਚ ਹੁੱਕਾ, ਤੰਬਾਕੂ ਅਤੇ ਹੋਰ ਪਾਬੰਦੀਸ਼ੁਦਾ ਸਮੱਗਰੀ ਬਰਾਮਦ ਕੀਤੀ ਹੈ ਜੋ ਉਸ ਨੇ ਆਪਣੇ ਘਰ ਦੇ ਨਾਲ ਵਾਲੇ ਮਕਾਨ ਵਿੱਚ ਸਟੋਰ ਕਰਕੇ ਰੱਖੀ ਹੋਈ ਸੀ। ਘਰ ਦੀ ਤਲਾਸ਼ੀ ਦੌਰਾਨ ਮੁਲਾਜ਼ਮ ਨੇ ਪੁਲੀਸ ਕਰਮਚਾਰੀਆਂ ਨਾਲ ਕਥਿਤ ਤੌਰ ’ਤੇ ਗਾਲੀ ਗਲੋਚ ਅਤੇ ਧੱਕਾ ਮੁੱਕੀ ਵੀ ਕੀਤੀ ਗਈ ਅਤੇ ਪੁਲੀਸ ਦੀ ਡਿਊਟੀ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਗਈ।