ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 23 ਜੂਨ
ਮੁਹਾਲੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਮੁਹਾਲੀ ਹਲਕੇ ਅਧੀਨ ਪੈਂਦੇ ਪਿੰਡਾਂ ਦੇ ਵਿਕਾਸ ਲਈ ਸਬੰਧਤ ਗਰਾਮ ਪੰਚਾਇਤਾਂ ਨੂੰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ 15ਵੇਂ ਵਿੱਤ ਕਮਿਸ਼ਨ ਤਹਿਤ ਪ੍ਰਾਪਤ ਗਰਾਂਟਾਂ ਦਾ ਜਾਇਜ਼ਾ ਲਿਆ। ਇਸ ਉਪਰੰਤ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਵਿਧਾਨ ਸਭਾ ਹਲਕਾ ਮੁਹਾਲੀ ਵਿੱਚ ਪੈਂਦੀਆਂ 73 ਪੰਚਾਇਤਾਂ ਨੂੰ ਪੰਜਾਬ ਨਿਰਮਾਣ ਤਹਿਤ ਲਗਭਗ 15.25 ਕਰੋੜ ਅਤੇ 15ਵੇਂ ਵਿੱਤ ਕਮਿਸ਼ਨ ਤਹਿਤ ਲਗਭਗ 9 ਕਰੋੜ ਰੁਪਏ ਪ੍ਰਾਪਤ ਹੋਏ ਹਨ। ਵਿਧਾਇਕ ਨੇ ਵਿਕਾਸ ਕੰਮਾਂ ਵਿੱਚ ਢਿੱਲ-ਮੱਠ ਲਈ ਜ਼ਿੰਮੇਵਾਰ ਅਫ਼ਸਰਾਂ ਅਤੇ ਕਰਮਚਾਰੀਆਂ ਵਿਰੁੱਧ ਬਣਦੀ ਕਾਰਵਾਈ ਕਰਨ ਦੇ ਆਦੇਸ਼ ਵੀ ਦਿੱਤੇ ਹਨ।
ਕੁਲਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਨਿਰਮਾਣ ਤਹਿਤ ਪ੍ਰਾਪਤ ਫੰਡਾਂ ’ਚੋਂ ਸਬੰਧਤ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਲਗਭਗ 10 ਕਰੋੜ ਰੁਪਏ ਅਤੇ 15ਵੇਂ ਵਿੱਤ ਕਮਿਸ਼ਨ ਤਹਿਤ ਮਿਲੀਆਂ ਗਰਾਂਟਾਂ ’ਚੋਂ ਲਗਭਗ 3.35 ਕਰੋੜ ਰੁਪਏ ਹੁਣ ਤੱਕ ਖਰਚ ਕੀਤੇ ਜਾ ਚੁੱਕੇ ਹਨ। ਕਈ ਪਿੰਡਾਂ ਦੀਆਂ ਪੰਚਾਇਤਾਂ ਅਤੇ ਸਬੰਧਤ ਅਧਿਕਾਰੀਆਂ ਵੱਲੋਂ ਵਰਤੀ ਜਾ ਰਹੀ ਢਿੱਲ-ਮੱਠ ਦਾ ਗੰਭੀਰ ਨੋਟਿਸ ਲੈਂਦੇ ਹੋਏ ‘ਆਪ’ ਵਿਧਾਇਕ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਕਿ ਵਿੱਤ ਕਮਿਸ਼ਨ ਤੋਂ ਪ੍ਰਾਪਤ ਗਰਾਂਟ ’ਚੋਂ ਅਣਵਰਤੀ ਗਰਾਂਟ 5.65 ਕਰੋੜ ਰੁਪਏ ਦੀ ਤੁਰੰਤ ਵਰਤੋਂ ਕਰਦੇ ਹੋਏ ਸਬੰਧਤ ਪਿੰਡਾਂ ਵਿੱਚ ਵਿਕਾਸ ਦੇ ਕੰਮ ਸਮਾਂਬੱਧ ਕਰਵਾਏ ਜਾਣ ਅਤੇ ਗਰਾਂਟ ਨੂੰ ਵਰਤਣ ਵਿੱਚ ਹੁਣ ਤੱਕ ਕੀਤੀ ਦੇਰੀ ਕਾਰਨ ਜਿੱਥੇ ਕਿਤੇ ਵੀ ਵਿਕਾਸ ਕੰਮਾਂ ਵਿੱਚ ਖੜੌਤ ਆਈ ਹੈ, ਉਸ ਨਾਲ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।