ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਜੂਨ
ਫ਼ਿਲਮ ‘ਵਾਈਲਡ ਵਾਈਲਡ ਪੰਜਾਬ’ 10 ਜੁਲਾਈ ਨੂੰ ਓਟੀਟੀ ਪਲੈਟਫਾਰਮ ਨੈੱਟਫਲਿਕਸ ਉੱਤੇ ਰਿਲੀਜ਼ ਹੋਵੇਗੀ। ਫਿਲਮ ਦੀ ਸਟਾਰ ਕਾਸਟ ਵਰੁਣ ਸ਼ਰਮਾ, ਸੰਨੀ ਸਿੰਘ, ਮਨਜੋਤ ਸਿੰਘ, ਜੱਸੀ ਗਿੱਲ, ਪੱਤਰਲੇਖਾ ਅਤੇ ਇਸ਼ਿਤਾ ਰਾਜ ਅੱਜ ਚੰਡੀਗੜ੍ਹ ਵਿਚ ਪੱਤਰਕਾਰਾਂ ਦੇ ਰੂਬਰੂ ਹੋਏ। ਇਸ ਮੌਕੇ ਫ਼ਿਲਮ ਦੇ ਨਿਰਦੇਸ਼ਕ ਸਿਮਰਪ੍ਰੀਤ ਸਿੰਘ ਵੀ ਮੌਜੂਦ ਸਨ। ‘ਫੁਕਰੇ’ ਤੇ ‘ਛਿਛੋਰੇ’ ਜਿਹੀਆਂ ਫ਼ਿਲਮਾਂ ’ਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਉਣ ਵਾਲੇ ਅਦਾਕਾਰ ਵਰੁਣ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਫਿਲਮ ਕਰਕੇ ਬਹੁਤ ਮਜ਼ਾ ਆਇਆ। ਉਨ੍ਹਾਂ ਕਿਹਾ, ‘‘ਇਹ ਫਿਲਮ ਇੱਕ ਭਾਵਨਾਤਮਕ ਯਾਤਰਾ ਹੈ। ਲੋਕਾਂ ਨੇ ਮੇਰੀਆਂ ਮਖੌਲੀਆ ਭੂਮਿਕਾਵਾਂ ਨੂੰ ਬਹੁਤ ਪਸੰਦ ਕੀਤਾ ਹੈ ਤੇ ਇਸ ਫਿਲਮ ਨੂੰ ਵੀ ਓਨਾ ਹੀ ਪਿਆਰ ਦੇਣਗੇ।’’ ਵਰੁਣ ਨੇ ਕਿਹਾ ਕਿ ਇਸ ਫਿਲਮ ਦੀ ਸ਼ੁਰੂਆਤ ਪੰਜਾਬ ਤੋਂ ਹੋਈ ਸੀ ਅਤੇ ਹੁਣ ਇਸ ਨੂੰ ਪ੍ਰਮੋਟ ਕਰਨ ਲਈ ਚੰਡੀਗੜ੍ਹ ਆਏ ਹਨ। ਸੰਨੀ ਸਿੰਘ ਨੇ ਕਿਹਾ ਕਿ ਇਹ ਫਿਲਮ ਦੋਸਤੀ ਅਤੇ ਮਸਤੀ ਦੀ ਯਾਤਰਾ ਹੈ। ਮਨਜੋਤ ਸਿੰਘ ਨੇ ਕਿਹਾ ਕਿ ਇਸ ਫਿਲਮ ਵਿੱਚ ਕੰਮ ਕਰਨ ਦਾ ਤਜਰਬਾ ਬਹੁਤ ਵਧੀਆ ਰਿਹਾ। ਪਤਰਾਲੇਖਾ ਨੇ ਕਿਹਾ, “ਇਸ ਸਾਰੀ ਕਾਸਟ ਵਿੱਚ ਮੈਂ ਇਕੱਲੀ ਸੀ ਜੋ ਪੰਜਾਬੀ ਨਹੀਂ ਸੀ। ਪਰ ਮੈਨੂੰ ਲੱਗਦਾ ਹੈ ਕਿ ਇਨ੍ਹਾਂ ਸਭ ਦੇ ਨਾਲ ਰਹਿ ਕੇ ਮੈਂ ਵੀ ਪੰਜਾਬੀ ਬਣ ਗਈ ਹਾਂ।’’ ਇਸ਼ਿਤਾ ਰਾਜ ਨੇ ਕਿਹਾ, “ਇਹ ਫ਼ਿਲਮ ਭਾਵਨਾਵਾਂ, ਹਾਸੇ ਅਤੇ ਦਿਲ ਟੁੱਟਣ ਦਾ ਇੱਕ ਰੋਮਾਂਚਕ ਸਫ਼ਰ ਹੈ। ਇਸ ਸ਼ਾਨਦਾਰ ਟੀਮ ਨਾਲ ਕੰਮ ਕਰਨਾ ਬਹੁਤ ਮਜ਼ੇਦਾਰ ਸੀ।’’