ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਸਤੰਬਰ
ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਨਵ-ਨਿਯੁਕਤ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਯੂਟੀ ਪ੍ਰਸ਼ਾਸਕ ਦਾ ਅਹੁਦਾ ਸਾਂਭਣ ਤੋਂ ਬਾਅਦ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਯੂਟੀ ਗੈਸਟ ਹਾਊਸ ਵਿੱਚ ਪਲੇਠੀ ਮੀਟਿੰਗ ਕੀਤੀ। ਮੀਟਿੰਗ ਵਿੱਚ ਯੂਟੀ ਦੇ ਵੱਖ-ਵੱਖ ਵਿਭਾਗਾਂ ਦੇ ਸਕੱਤਰਾਂ ਨੇ ਆਪਣੇ-ਆਪਣੇ ਵਿਭਾਗਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਦਿੱਤੀ। ਪ੍ਰਸ਼ਾਸਕ ਨੇ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸ਼ਲਾਘਾ ਕੀਤੀ ਤੇ ਇਨ੍ਹਾਂ ਕੰਮਾਂ ਨੂੰ ਜਲਦ ਨੇਪਰੇ ਚਾੜ੍ਹਨ ਲਈ ਪ੍ਰੇਰਿਆ। ਸ੍ਰੀ ਪੁਰੋਹਿਤ ਨੇ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਲੋਕਾਂ ਦੇ ਕੰਮਾਂ ਨੂੰ ਪਾਰਦਰਸ਼ੀ, ਕੁਸ਼ਲਤਾ ਅਤੇ ਸਮਾਂਬੱਧ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇ ਜਿਸ ਨਾਲ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਵਾਉਣ ਲਈ ਵਾਰ-ਵਾਰ ਨਾ ਆਉਣਾ ਪਵੇ। ਉਨ੍ਹਾਂ ਨੇ ਸ਼ਹਿਰ ਦੀ ਸੁੰਦਰਤਾ ਨੂੰ ਕਾਇਮ ਰੱਖਣ ਲਈ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ। ਇਸ ਦੇ ਨਾਲ ਹੀ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧਾਂ ਲਈ ਵੀ ਪੁਲੀਸ ਅਧਿਕਾਰੀਆਂ ਨੂੰ 24 ਘੰਟੇ ਚੌਕਸ ਰਹਿਣ ਲਈ ਹੁਕਮ ਦਿੱਤੇ।
ਇਸ ਮੌਕੇ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ, ਡੀਜੀਪੀ ਪਰਵੀਰ ਰੰਜਨ, ਵਿੱਤ ਸਕੱਤਰ ਵਿਜੈ ਨਾਮਦਿਓਰਾਓ ਜਾਦੇ, ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ, ਨਿਗਮ ਕਮਿਸ਼ਨਰ ਅੰਨਿਦਿਤਾ ਮਿੱਤਰਾ, ਸਕੱਤਰ ਫੂਡ ਸਪਲਾਈ ਵਿਨੋਦ ਪੀ. ਕਾਵਲੇ, ਚੰਡੀਗੜ੍ਹ ਹਾਊਸਿੰਗ ਬੋਰਡ ਦੇ ਸੀਈਓ ਯਸ਼ਪਾਲ ਗਰਗ ਅਤੇ ਵੱਖ-ਵੱਖ ਵਿਭਾਗਾਂ ਦੇ ਸਕੱਤਰ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ।