ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਅਗਸਤ
ਚੰਡੀਗੜ੍ਹ ਵਿੱਚ ਸਥਿਤ ਕਰੋਨਾ ਦੇਖਭਾਲ ਕੇਂਦਰਾਂ ਵਿੱਚ ਸਹੀ ਪ੍ਰਬੰਧ ਨਾ ਪਾਏ ਜਾਣ ਸਬੰਧੀ ਮਿਲ ਰਹੀਆਂ ਸ਼ਿਕਾਇਤਾਂ ਨੂੰ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਨੇ ਗੰਭੀਰਤਾ ਨਾਲ ਲਿਆ ਅਤੇ ਕਰੋਨਾ ਦੇਖਭਾਲ ਕੇਂਦਰਾਂ ਵਿੱਚ ਪਾਈ ਜਾ ਰਹੀ ਕਮੀਆਂ ਨੂੰ ਜਲਦ ਸਹੀ ਕਰਨ ਦੇ ਆਦੇਸ਼ ਦਿੱਤੇ। ਇਸ ਗੱਲ ਦਾ ਪ੍ਰਗਟਾਵਾ ਯੂਟੀ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਕੋਵਿਡ-19 ਦੇ ਪ੍ਰਬੰਧਾਂ ਦੀ ਸਮੀਖਿਆ ਬੈਠਕ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਕਰੋਨਾ ਦੇਖਭਾਲ ਕੇਂਦਰਾਂ ਵਿੱਚ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਹੋਣੀ ਚਾਹੀਦੀ ਅਤੇ ਉੱਥੇ ਸਮੇਂ-ਸਮੇਂ ’ਤੇ ਸੈਨੀਟਾਈਜ਼ਨ ਕੀਤੀ ਜਾਵੇ। ਯੂਟੀ ਦੇ ਪ੍ਰਸ਼ਾਸਕ ਨੇ ਸ਼ਹਿਰ ਵਿੱਚ ਕਰੋਨਾਵਾਇਰਸ ਦੇ ਵਧ ਰਹੇ ਮਰੀਜ਼ਾਂ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਪੁਖਤਾ ਪ੍ਰਬੰਧ ਕਰਨ ਬਾਰੇ ਕਿਹਾ। ਉਨ੍ਹਾਂ ਪੀਜੀਆਈ ਦੇ ਡਾਇਰੈਕਟਰ ਨੂੰ ਕਿਹਾ ਕਿ ਨਹਿਰੂ ਐਕਸਟੇਂਸ਼ਨ ਹਸਪਤਾਲ, ਕਰੋਨਾ ਕੇਅਰ ਸੈਂਟਰ ਵਿੱਚ ਕੇਵਲ ਕਰੋਨਾ ਦੇ ਗੰਭੀਰ ਮਰੀਜ਼ਾਂ ਦਾ ਇਲਾਜ ਕੀਤਾ ਜਾਵੇ ਜਦਕਿ ਮਾਮੂਲੀ ਲੱਛਣਾ ਵਾਲੇ ਮਰੀਜ਼ਾਂ ਨੂੰ ਦੂਜੇ ਕੇਂਦਰ ਵਿੱਚ ਸ਼ਿਫ਼ਟ ਕਰ ਦਿੱਤਾ ਜਾਵੇ। ਸ੍ਰੀ ਬਦਨੌਰ ਨੇ ਨਿਗਮ ਕਮਿਸ਼ਨਰ ਕੇਕੇ ਯਾਦਵ ਨੂੰ ਕਰੋਨਾ ਦੇ ਫੈਲਾਅ ਅਤੇ ਮੌਨਸੂਨ ਦੀਆਂ ਬੀਮਾਰਿਆਂ ’ਤੇ ਨੱਥ ਪਾਉਣ ਲਈ ਸ਼ਹਿਰ ਵਿੱਚ ਸਫ਼ਾਈ ਪ੍ਰਬੰਧਾ ਨੂੰ ਸਹੀ ਕਰਨ ਬਾਰੇ ਪ੍ਰੇਰਿਆ।
ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਕਿਹਾ ਕਿ ਭਾਰਤ ਸਰਕਾਰ ਦੀ ਟੀਮ ਦੇ ਅਧਿਕਾਰੀ ਡਾ. ਪਰਵੀਨ ਨੇ ਯੂਟੀ ਸਕੱਤਰੇਤ ਦਾ ਦੌਰਾ ਕੀਤਾ ਅਤੇ ਡਿਜੀਟਲ ਹੈਲਥ ਕਾਰਡ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਸ੍ਰੀ ਪਰੀਦਾ ਨੇ ਦੱਸਿਆ ਕਿ ਯੂਟੀ ਪ੍ਰਸ਼ਾਸਨ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਲੋਕਾਂ ਤੱਕ 5 ਮਹੀਨੇ ਦਾ ਰਾਸ਼ਨ ਪਹੁੰਚਾ ਦਿੱਤਾ ਹੈ। ਸਿਹਤ ਡਾਇਰੈਕਟਰ ਡਾ. ਜੀਸੀ ਦੀਵਾਨ ਨੇ ਦੱਸਿਆ ਕਿ ਹੁਣ ਤੱਕ 22,744 ਲੋਕਾਂ ਦਾ ਡਿਜੀਟਲ ਹੈਲਥ ਕਾਰਡ ਲਈ ਰਜਿਸਟਰੇਸ਼ਨ ਹੋ ਚੁੱਕਿਆ ਹੈ ਜੋ ਦੇੇਸ਼ ਵਿੱਚ ਸਭ ਤੋਂ ਵਧ ਹੈ।