ਹਰਜੀਤ ਸਿੰਘ
ਡੇਰਾਬੱਸੀ, 19 ਮਈ
ਇਥੋਂ ਦੇ ਬੱਸ ਸਟੈਂਡ ’ਤੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਾਮਰਸ ਦੇ ਦਾਖ਼ਲੇ ਹੀ ਬੰਦ ਕਰ ਦਿੱਤੇ ਗਏ ਹਨ। ਸਕੂਲ ਵਿੱਚ ਕਾਮਰਸ ਦਾ ਕੋਈ ਅਧਿਆਪਕ ਨਾ ਹੋਣ ਕਾਰਨ ਇਹ ਨਿੰਦਣਯੋਗ ਫ਼ੈਸਲਾ ਲਿਆ ਗਿਆ ਹੈ। ਤਹਿਸੀਲ ਪੱਧਰ ਦੇ ਸਵ. ਗੁਰਨਾਮ ਸਿੰਘ ਸੈਣੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਾਮਰਸ ਦੇ ਦਾਖਲੇ ਬੰਦ ਹੋਣ ਕਾਰਨ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬੱਸ ਸਟੈਂਡ ’ਤੇ ਸਥਿਤ ਇਹ ਤਹਿਸੀਲ ਪੱਧਰ ਦਾ ਸਕੂਲ ਹੈ, ਜਿਸ ’ਤੇ ਇਲਾਕੇ ਦੇ ਵੱਡੇ ਗਿਣਤੀ ਵਿਦਿਆਰਥੀ ਨਿਰਭਰ ਕਰਦੇ ਹਨ। ਸ਼ਹਿਰ ਵਾਸੀਆਂ ਵੱਲੋਂ ਲੰਮੀ ਜਦੋ-ਜਹਿਦ ਮਗਰੋਂ ਇਸ ਸਕੂਲ ਨੂੰ ਸਰਕਾਰੀ ਹਾਈ ਸਕੂਲ ਤੋਂ ਸੀਨੀਅਰ ਸੈਕੰਡਰੀ ਤੱਕ ਅਪਗ੍ਰੇਡ ਕਰਵਾਇਆ ਗਿਆ ਸੀ। ਨਿੱਜੀ ਸਕੂਲਾਂ ਵਿੱਚ ਬੱਚਿਆਂ ਦੀ ਕੀਤੀ ਜਾਣ ਵਾਲੀ ਵਿੱਤੀ ਲੁੱਟ ਕਾਰਨ ਗਰੀਬ ਪਰਿਵਾਰ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਦਿਵਾਉਣ ਵਿੱਚ ਨਾਕਾਮ ਰਹਿ ਜਾਂਦੇ ਸਨ। ਹੁਣ ਮੁੜ ਤੋਂ ਸਕੂਲ ਵਿੱਚ ਕਾਮਰਸ ਦੇ ਦਾਖ਼ਲੇ ਬੰਦ ਕਰਨ ਨਾਲ ਪੰਜਾਬ ਸਰਕਾਰ ਦੇ ਸੂਬੇ ਵਿੱਚ ਉੱਚ ਸਿੱਖਿਆ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਇਥੇ ਇਸ ਵੇਲੇ ਇਥੇ ਕਾਮਰਸ ਬਾਰ੍ਹਵੀਂ ਵਿੱਚ 53 ਵਿਦਿਆਰਥੀ ਸਿੱਖਿਆ ਲੈ ਰਹੇ ਹਨ ਜਦਕਿ 11ਵੀਂ ਵਿੱਚ ਹੁਣ ਕਿਸੇ ਵੀ ਨਵੇਂ ਵਿਦਿਆਰਥੀ ਨੂੰ ਦਾਖ਼ਲ ਨਹੀਂ ਕੀਤਾ ਜਾ ਰਿਹਾ ਹੈ।
ਸਕੂਲ ਪ੍ਰਿੰਸੀਪਲ ਦਾ ਪੱਖ
ਗੱਲ ਕਰਨ ’ਤੇ ਸਕੂਲ ਦੀ ਪ੍ਰਿੰਸੀਪਲ ਅਲਕਾ ਮੋਂਗਾ ਨੇ ਦੱਸਿਆ ਕਿ ਕਾਮਰਸ ਦਾ ਸਕੂਲ ਵਿੱਚ ਇਕ ਹੀ ਅਧਿਆਪਕ ਹੈ, ਜੋ 12ਵੀਂ ਕਲਾਸ ਨੂੰ ਪੜ੍ਹਉਂਦਾ ਹੈ। ਅਧਿਆਪਕਾਂ ਦੀ ਘਾਟ ਨੂੰ ਦੇਖਦਿਆਂ ਇਥੇ ਗਿਆਰ੍ਹਵੀਂ ਦੇ ਦਾਖ਼ਲੇ ਬੰਦ ਕੀਤੇ ਗਏ ਹਨ।
ਸਕੂਲ ਨੂੰ ਅਪਗ੍ਰੇਡ ਕਰਵਾਉਣ ਵਾਲੀ ਸੰਸਥਾ ਨੇ ਰੋਸ ਪ੍ਰਗਟਾਇਆ
ਸਕੂਲ ਨੂੰ ਅਪਗ੍ਰੇਡ ਕਰਵਾਉਣ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੀ ਡਾ. ਬੀਆਰ ਅੰਬੇਦਕਰ ਐਜੂਕੇਸ਼ਨਲ ਸੁਸਾਇਟੀ ਡੇਰਾਬੱਸੀ ਦੇ ਪ੍ਰਧਾਨ ਭਾਗ ਸਿੰਘ, ਭਾਗ ਸਿੰਘ ਘੋੜੇਵਾਲ ਮੀਤ ਪ੍ਰਧਾਨ ਤੇ ਸੁਰਜੀਤ ਕੁਮਾਰ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਉਹ ਆਸ ਕਰ ਰਹੇ ਸੀ ਕਿ ਛੇਤੀ ਪੰਜਾਬ ਸਰਕਾਰ ਇਸ ਸਕੂਲ ਨੂੰ ਮਾਡਲ ਸਕੂਲ ਬਣਾਉਂਦੇ ਹੋਏ ਇਥੇ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਏਗੀ ਪਰ ਸਰਕਾਰ ਪਹਿਲਾਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਵਾਪਸ ਲੈਣ ਲੱਗ ਗਈ ਹੈ, ਜੋ ਨਿੰਦਣਯੋਗ ਹੈ।