ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 24 ਨਵੰਬਰ
ਯੂਟੀ ਦੇ ਸਿੱਖਿਆ ਵਿਭਾਗ ਨੇ ਪ੍ਰਾਈਵੇਟ ਤੇ ਕਾਨਵੈਂਟ ਸਕੂਲਾਂ ਵਿੱਚ ਸਾਲ 2022-23 ਦੌਰਾਨ ਐਂਟਰੀ ਲੈਵਲ ਜਮਾਤਾਂ ਵਿਚ ਦਾਖਲੇ ਲਈ ਸਾਂਝੀ ਸਮਾਂ ਸਾਰਣੀ ਤਿਆਰ ਕਰ ਲਈ ਗਈ ਹੈ ਜਿਸ ’ਤੇ ਅੰਤਿਮ ਮੋਹਰ ਪ੍ਰਸ਼ਾਸਕ ਵੱਲੋਂ ਲਾਈ ਜਾਵੇਗੀ। ਇਸ ਵਾਰ ਸੱਤ ਦਸੰਬਰ ਤੋਂ ਸਕੂਲਾਂ ਵਿਚ ਦਾਖਲਾ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਤੇ ਸਕੂਲਾਂ ਨੂੰ 13 ਜਨਵਰੀ ਤੋਂ ਪਹਿਲਾਂ ਡਰਾਅ ਕੱਢਣੇ ਪੈਣਗੇ। ਇਸ ਵਾਰ ਸ਼ਹਿਰ ਵਿਚ 78 ਦੇ ਕਰੀਬ ਪ੍ਰਾਈਵੇਟ ਸਕੂਲਾਂ ਵਿੱਚ 10 ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਜਾਵੇਗਾ।
ਜਾਣਕਾਰੀ ਅਨੁਸਾਰ ਜ਼ਿਲ੍ਹਾ ਸਿੱਖਿਆ ਦਫਤਰ ਨੇ ਐਂਟਰੀ ਲੈਵਲ ਦਾਖਲਿਆਂ ਲਈ ਸ਼ਡਿਊਲ ਤਿਆਰ ਕਰ ਲਿਆ ਹੈ ਜਿਸ ਨੂੰ ਵਿਭਾਗ ਇਸ ਹਫਤੇ ਦੇ ਅਖੀਰ ਜਾਂ ਅਗਲੇ ਹਫਤੇ ਜਾਰੀ ਕਰੇਗਾ। ਇਹ ਵੀ ਪਤਾ ਲੱਗਾ ਹੈ ਕਿ ਅੱਜ ਪ੍ਰਾਈਵੇਟ ਸਕੂਲ ਦੇ ਮੁਖੀਆਂ ਦੀ ਡਾਇਰੈਕਟਰ ਸਕੂਲ ਐਜੂਕੇਸ਼ਨ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨਾਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਸੈਕਟਰ-18 ਵਿੱਚ ਮੀਟਿੰਗ ਹੋਈ ਜਿਸ ਵਿਚ ਸਕੂਲਾਂ ਨੂੰ ਕਿਹਾ ਗਿਆ ਕਿ ਉਹ ਆਪਣੇ ਸਕੂਲ ਵਿਚ ਐਂਟਰੀ ਲੈਵਲ ਜਮਾਤਾਂ ਲਈ ਸੀਟਾਂ ਦੇ ਵੇਰਵੇ, ਫੀਸਾਂ ਤੇ ਦਾਖਲੇ ਸਬੰਧੀ ਜਾਣਕਾਰੀ ਆਪਣੀ ਵੈਬਸਾਈਟ ਅਤੇ ਨੋਟਿਸ ਬੋਰਡ ’ਤੇ 6 ਦਸੰਬਰ ਤੋਂ ਪਹਿਲਾਂ ਅਪਲੋਡ ਕਰਨ। ਇਸ ਤੋਂ ਬਾਅਦ ਮਾਪੇ ਆਪਣੇ ਬੱਚਿਆਂ ਦੇ ਦਾਖਲੇ ਲਈ 7 ਤੋਂ 18 ਦਸੰਬਰ ਤਕ ਫਾਰਮ ਲੈ ਕੇ ਜਮ੍ਹਾਂ ਕਰਵਾਉਣਗੇ ਤੇ ਸਕੂਲਾਂ ਨੂੰ 13 ਜਨਵਰੀ ਤੋਂ ਪਹਿਲਾਂ ਡਰਾਅ ਕੱਢਣਾ ਪਵੇਗਾ। ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਸੰਭਾਵਤ ਦਾਖਲਾ ਤਾਰੀਖਾਂ ਹੀ ਅੰਤਿਮ ਹਨ ਤੇ ਇਨ੍ਹਾਂ ਤਾਰੀਖਾਂ ਵਿਚ ਫੇਰਬਦਲ ਨਹੀਂ ਕੀਤਾ ਜਾਵੇਗਾ।
ਅੱਠ ਫੀਸਦੀ ਤਕ ਵਧਾਈ ਜਾ ਸਕੇਗੀ ਸਕੂਲ ਫੀਸ: ਇਹ ਵੀ ਪਤਾ ਲੱਗਾ ਹੈ ਕਿ ਸਕੂਲ ਮੁਖੀਆਂ ਨੇ ਅੱਜ ਦੀ ਮੀਟਿੰਗ ਵਿਚ ਫੀਸਾਂ ਵਧਾਉਣ ਦੀ ਮਨਜ਼ੂਰੀ ਮੰਗੀ ਤੇ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਚੰਡੀਗੜ੍ਹ ਵਿਚ ਇਸ ਵੇਲੇ ਪੰਜਾਬ ਫੀਸ ਐਕਟ ਲਾਗੂ ਹੈ ਤੇ ਹਰ ਸਕੂਲ ਸਾਲਾਨਾ ਅੱਠ ਫੀਸਦ ਤਕ ਫੀਸ ਵਧਾ ਸਕਦੇ ਹਨ। ਜ਼ਿਕਰਯੋਗ ਹੈ ਕਿ ਕਰੋਨਾ ਮਹਾਮਾਰੀ ਕਾਰਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਦਖਲ ਤੋਂ ਬਾਅਦ ਸਕੂਲਾਂ ਨੂੰ ਸਾਲਾਨਾ ਫੀਸਾਂ ਵਧਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਸੀ ਪਰ ਹੁਣ ਸਕੂਲ ਪ੍ਰਬੰਧਕ ਮੰਗ ਕਰ ਰਹੇ ਹਨ ਕਿ ਉਹ ਆਰਥਿਕ ਘਾਟਾ ਝੱਲ ਰਹੇ ਹਨ ਜਿਸ ਕਾਰਨ ਉਨ੍ਹਾਂ ਨੂੰ ਫੀਸਾਂ ਵਧਾਉਣ ਦੀ ਆਗਿਆ ਦਿੱਤੀ ਜਾਵੇ।
ਆਨਲਾਈਨ ਮਿਲਣਗੇ ਦਾਖਲਾ ਫਾਰਮ
ਐਂਟਰੀ ਲੈਵਲ ਜਮਾਤਾਂ ਲਈ ਦਾਖਲਾ ਫਾਰਮ ਸਕੂਲ ਦੀ ਵੈਬਸਾਈਟ ਤੋਂ ਆਨਲਾਈਨ ਡਾਊਨਲੋਡ ਕੀਤੇ ਜਾ ਸਕਦੇ ਹਨ। ਮਾਪਿਆਂ ਨੂੰ ਫਾਰਮ ਭਰਨ ਤੋਂ ਬਾਅਦ ਇਸ ਨੂੰ ਸਕੂਲਾਂ ਕੋਲ ਜਾ ਕੇ ਜਮ੍ਹਾਂ ਕਰਵਾਉਣਾ ਪਵੇਗਾ। ਰਾਈਟ-ਟੂ-ਐਜੂਕੇਸ਼ਨ ਐਕਟ ਅਨੁਸਾਰ ਹਰ ਸਕੂਲ ਨੂੰ ਐਂਟਰੀ ਲੈਵਲ ਜਮਾਤਾਂ ਵਿਚ 25 ਫੀਸਦੀ ਸੀਟਾਂ ਆਰਥਿਕ ਪੱਖੋਂ ਕਮਜ਼ੋਰ ਵਰਗ ਲਈ ਰਾਖਵੀਆਂ ਰੱਖਣੀਆਂ ਪੈਣਗੀਆਂ। ਪ੍ਰਾਈਵੇਟ ਸਕੂਲਾਂ ਤੋਂ ਇਲਾਵਾ ਸਰਕਾਰੀ ਸਕੂਲਾਂ ਵਿਚ ਵੀ ਰਾਈਟ ਟੂ ਐਜੂਕੇਸ਼ਨ ਤਹਿਤ ਦਾਖਲਾ ਮਿਲੇਗਾ। ਐਕਟ ਤਹਿਤ ਤਿੰਨ ਕਿਲੋਮੀਟਰ ਦੇ ਦਾਇਰੇ ਵਿਚ ਆਉਂਦੇ ਵਿਦਿਆਰਥੀਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਤੇ ਰਿਹਾਇਸ਼ ਦੇ ਨੇੜਲੇ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਦਾਖਲ ਕੀਤਾ ਜਾਂਦਾ ਹੈ।
ਦਾਖਲਾ ਫਾਰਮ ਜਾਰੀ ਕਰਨ ਦੀ ਤਰੀਕ 7 ਤੋਂ 18 ਦਸੰਬਰ
ਸਿੱਖਿਆ ਵਿਭਾਗ ਨੇ ਦਾਖਲਾ ਫਾਰਮ ਜਾਰੀ ਕਰਨ ਦੀ ਤਰੀਕ 7 ਤੋਂ 18 ਦਸੰਬਰ ਤੈਅ ਕੀਤੀ ਹੈ। ਸਕੂਲ ਪ੍ਰਬੰਧਕਾਂ ਨੂੰ ਯੋਗ ਵਿਦਿਆਰਥੀਆਂ ਦੀ ਸੂਚੀ 14 ਜਨਵਰੀ ਨੂੰ ਪ੍ਰਦਰਸ਼ਿਤ ਕਰਨੀ ਪਵੇਗੀ।