ਪੱਤਰ ਪ੍ਰੇਰਕ
ਚੰਡੀਗੜ੍ਹ, 5 ਅਕਤੂਬਰ
ਪੰਜਾਬ ਯੂਨੀਵਰਸਿਟੀ ਵੱਲੋਂ ਤਿੰਨ ਸਾਲਾ ਲਾਅ ਕੋਰਸ (ਐਲ.ਐਲ.ਬੀ.-3 ਸਾਲ) ਵਿੱਚ ਦਾਖ਼ਲਾ ਲੈਣ ਲਈ ਦਾਖਲਾ ਪ੍ਰੀਖਿਆ ਰੱਦ ਕਰ ਦਿੱਤੀ ਗਈ ਹੈ ਅਤੇ ਹੁਣ ਇਸ ਕੋਰਸ ਵਿੱਚ ਦਾਖਲਾ ਬੀ.ਏ. ਦੇ ਨੰਬਰਾਂ ਦੀ ਮੈਰਿਟ ਦੇ ਅਧਾਰ ’ਤੇ ਕੀਤਾ ਜਾਵੇਗਾ।
ਪੀ.ਯੂ. ਤੋਂ ਮਿਲੀ ਜਾਣਕਾਰੀ ਮੁਤਾਬਕ ਉਕਤ ਕੋਰਸ ਲਈ ਰਜਿਸਟ੍ਰੇਸ਼ਨ ਖੋਲ੍ਹ ਦਿੱਤੀ ਗਈ ਹੈ ਜਿਸ ਲਈ ਆਖਰੀ ਤਾਰੀਖ 9 ਅਕਤੂਬਰ ਨਿਸਚਿਤ ਕਰ ਦਿੱਤੀ ਗਈ ਹੈ। ਨੈੱਟ ਬੈਂਕਿੰਗ ਰਾਹੀਂ ਆਨਲਾਈਨ ਫ਼ੀਸ ਜਮ੍ਹਾਂ ਕਰਵਾਉਣ ਲਈ 10 ਅਕਤੂਬਰ ਅਤੇ ਫਾਰਮ ਭਰਨ ਲਈ ਅੰਤਿਮ ਤਾਰੀਖ 12 ਅਕਤੂਬਰ ਨਿਸਚਿਤ ਕੀਤੀ ਗਈ ਹੈ। ਰਜਿਸਟਰਡ ਉਮੀਦਵਾਰਾਂ ਨੂੰ ਪੀ.ਯੂ. ਦੀ ਵੈੱਬਸਾਈਟ ’ਤੇ ਦਾਖਲਾ ਫਾਰਮ 15 ਅਕਤੂਬਰ ਤੱਕ ਆਨਲਾਈਨ ਫਾਰਮ ਲਾਜ਼ਮੀ ਭਰਨਾ ਪਵੇਗਾ। ਉਮੀਦਵਾਰਾਂ ਨੂੰ ਵਧੇਰੇ ਜਾਣਕਾਰੀ ਲਈ ਵੈੱਬਸਾਈਟ ਦੇਖਣ ਦੀ ਸਲਾਹ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਉਕਤ ਕੋਰਸ ਵਿੱਚ ਦਾਖਲੇ ਲਈ ਦਾਖਲਾ ਪ੍ਰੀਖਿਆ ਲਈ ਜਾਂਦੀ ਸੀ ਪ੍ਰੰਤੂ ਇਸ ਵਾਰ ਕਰੋਨਾ ਮਹਾਂਮਾਰੀ ਕਾਰਨ ਦਾਖਲਾ ਪ੍ਰੀਖਿਆ ਰੱਦ ਕਰ ਦਿੱਤੀ ਗਈ ਹੈ ਅਤੇ ਇੱਛੁਕ ਉਮੀਦਵਾਰਾਂ ਨੂੰ ਮੈਰਿਟ ਦੇ ਅਧਾਰ ’ਤੇ ਹੀ ਦਾਖਲਾ ਮਿਲੇਗਾ।