ਚੰਡੀਗੜ੍ਹ: ਯੂ.ਟੀ. ਚੰਡੀਗੜ੍ਹ ਪ੍ਰਸ਼ਾਸਨ ਨੇ ਕਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਨਾਲ ਨਜਿੱਠਣ ਮਗਰੋਂ ਹੁਣ ਤੀਜੀ ਸੰਭਾਵੀ ਲਹਿਰ ਨਾਲ ਨਜਿੱਠਣ ਦੀ ਤਿਆਰੀ ਕਰ ਲਈ ਹੈ। ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਦੇ ਸਲਾਹਕਾਰ ਧਰਮਪਾਲ ਆਈ.ਏ.ਐਸ. ਵੱਲੋਂ ਸਿਹਤ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਅਰੁਣ ਕੁਮਾਰ ਗੁਪਤਾ, ਡਾਇਰੈਕਟਰ ਸਿਹਤ ਸੇਵਾਵਾਂ ਅਤੇ ਹੋਰ ਅਧਿਕਾਰੀਆਂ ਸਮੇਤ ਅੱਜ ਸੈਕਟਰ-16 ਸਥਿਤ ਗੌਰਮਿੰਟ ਮਲਟੀ-ਸਪੈਸ਼ਿਲਿਟੀ ਹਸਪਤਾਲ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਸਲਾਹਕਾਰ ਨੇ ਹਸਪਤਾਲ ਵਿੱਚ ਸਥਾਪਿਤ ਗਏ ਪੀ.ਐੱਸ.ਏ. ਆਕਸੀਜਨ ਜਨਰੇਟਰ ਪਲਾਂਟ ਦੇ ਕੰਮ-ਕਾਜ ਨੂੰ ਦੇਖਿਆ ਅਤੇ ਤਸੱਲੀ ਪ੍ਰਗਟਾਈ। ਡਾਇਰੈਕਟਰ ਸਿਹਤ ਸੇਵਾਵਾਂ ਨੇ ਸਲਾਹਕਾਰ ਨੂੰ ਦੱਸਿਆ ਕਿ ਇੱਥੇ ਇੱਕ ਹਜ਼ਾਰ ਐਲ.ਪੀ.ਐਮ. ਦੀ ਸਮਰੱਥਾ ਵਾਲਾ ਪੀ.ਐਸ.ਏ. ਪਲਾਂਟ ਹੋਰ ਲਗਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਲਾਹਕਾਰ ਧਰਮਪਾਲ ਨੇ ਹਸਪਤਾਲ ਵਿੱਚ ਤਰਲ ਆਕਸੀਜਨ ਪਲਾਂਟ ਸੁਵਿਧਾ ਦਾ ਜਾਇਜ਼ਾ ਲਿਆ ਅਤੇ ਰੇਡੀਓਲੋਜੀ ਵਿਭਾਗ ਸਮੇਤ ਬਲੱਡ ਬੈਂਕ ਤੇ ਕੋਵਿਡ-ਟੀਕਾਕਰਨ ਕੇਂਦਰ ਦਾ ਵੀ ਦੌਰਾ ਕੀਤਾ। -ਪੱਤਰ ਪ੍ਰੇਰਕ