ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 20 ਅਗਸਤ
ਮੁਹਾਲੀ ਪੁਲੀਸ ਵੱਲੋਂ ਹਵਾਈ ਫਾਇਰਿੰਗ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਪੰਜਾਬੀ ਗਾਇਕ ਮਨਪ੍ਰੀਤ ਸਿੰਘ ਉਰਫ਼ ਸਿੰਗਾ ਵਾਸੀ ਅਮਰਗੜ੍ਹ (ਸੰਗਰੂਰ) ਅੱਜ ਬਾਅਦ ਦੁਪਹਿਰ ਆਪਣੇ ਵਕੀਲਾਂ ਜੀ.ਐੱਸ. ਘੁੰਮਣ ਅਤੇ ਜੀਪੀਐਸ ਘੁੰਮਣ ਨਾਲ ਸੋਹਾਣਾ ਥਾਣੇ ਵਿੱਚ ਪਹੁੰਚ ਕੇ ਮਾਮਲੇ ਦੀ ਪੁਲੀਸ ਜਾਂਚ ਵਿੱਚ ਸ਼ਾਮਲ ਹੋਇਆ। ਪਿਛਲੇ ਦਿਨੀਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਨੂੰ ਆਧਾਰ ਬਣਾ ਕੇ ਪੁਲੀਸ ਨੇ ਗਾਇਕ ਮਨਪ੍ਰੀਤ ਸਿੰਗਾ ਅਤੇ ਉਸ ਦੇ ਦੋਸਤ ਜਗਪ੍ਰੀਤ ਸਿੰਘ ਉਰਫ਼ ਜੱਗੀ ਵਾਸੀ ਮਾਹਿਲਪੁਰ (ਹੁਸ਼ਿਆਰਪੁਰ) ਖ਼ਿਲਾਫ਼ ਅਪਰਾਧਿਕ ਕੇਸ ਦਰਜ ਕੀਤਾ ਸੀ।
ਸੋਹਾਣਾ ਥਾਣੇ ਦੇ ਬਾਹਰ ਮੀਡੀਆ ਨਾਲ ਗੱਲਬਾਤ ਦੌਰਾਨ ਬਚਾਅ ਪੱਖ ਦੇ ਵਕੀਲਾਂ ਜੀ.ਐੱਸ. ਘੁੰਮਣ ਅਤੇ ਜੀਪੀਐੱਸ ਘੁੰਮਣ ਨੇ ਦੱਸਿਆ ਕਿ ਉਕਤ ਮਾਮਲੇ ਵਿੱਚ ਜ਼ਿਲ੍ਹਾ ਅਦਾਲਤ ਨੇ ਗਾਇਕ ਮਨਪ੍ਰੀਤ ਸਿੰਗਾ ਦੀ ਜ਼ਮਾਨਤ ਮਨਜ਼ੂਰ ਕਰ ਕੇ ਉਸ ਨੂੰ 25 ਅਗਸਤ ਤੱਕ ਪੁਲੀਸ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਸੀ। ਉਨ੍ਹਾਂ ਆਪਣੀ ਦਲੀਲ ਵਿੱਚ ਕਿਹਾ ਸੀ ਕਿ ਜਿਹੜੀ ਵੀਡੀਓ ਨੂੰ ਆਧਾਰ ਬਣਾ ਕੇ ਐੰਫ਼ਆਈਆਰ ਦਰਜ ਕੀਤੀ ਗਈ ਹੈ, ਉਹ ਕਾਫ਼ੀ ਪੁਰਾਣੀ ਵੀਡੀਓ ਹੈ। ਪਹਿਲਾਂ ਵੀ ਇਹ ਮੁੱਦਾ ਉੱਠਿਆ ਸੀ, ਉਦੋਂ 18 ਮਈ 2020 ਨੂੰ ਡੀਸੀਪੀ ਜਲੰਧਰ ਨੇ ਸਿੰਗਾ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਆਗੂ ਜਾਣ-ਬੁੱਝ ਕੇ ਝੂਠੀਆਂ ਸ਼ਿਕਾਇਤਾਂ ਦੇ ਰਹੇ ਹਨ।
ਵਕੀਲਾਂ ਨੇ ਦਾਅਵਾ ਕੀਤਾ ਕਿ ਜਿਹੜੀ ਪਿਸਤੌਲ ਨਾਲ ਹਵਾਈ ਫਾਇਰਿ ਕਰਨ ਦੀ ਗੱਲ ਕਹੀ ਜਾ ਰਹੀ ਹੈ, ਦਰਅਸਲ ਉਹ ਡੰਮੀ ਹਥਿਆਰ ਹੈ। ਸ਼ੂਟਿੰਗ ਦੌਰਾਨ ਉਸ ਦੀ ਵਰਤੋਂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਪੁਰਾਣੀ ਵੀਡੀਓ ਨੂੰ ਕੋਈ ਵੀ ਵਿਅਕਤੀ ਕਿਸੇ ਸ਼ਹਿਰ ਜਾਂ ਸੂਬੇ ਵਿੱਚ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਸਕਦਾ ਹੈ। ਉਨ੍ਹਾਂ ਕਿਹਾ, ‘‘ਕੀ ਇਸ ਤਰ੍ਹਾਂ ਗਾਇਕ ਖ਼ਿਲਾਫ਼ ਥਾਂ-ਥਾਂ ਕੇਸ ਦਰਜ ਕੀਤੇ ਜਾਣ?’’ ਵਕੀਲਾਂ ਨੇ ਕਿਹਾ ਕਿ ਗਾਇਕ ਖ਼ਿਲਾਫ਼ ਦਰਜ ਐੱਫ਼ਆਈਆਰ ਰੱਦ ਕਰਵਾਉਣ ਲਈ ਕਾਨੂੰਨੀ ਪੈਰਵੀ ਕੀਤੀ ਜਾਵੇਗੀ।
ਉੱਧਰ, ਗਾਇਕ ਮਨਪ੍ਰੀਤ ਸਿੰਗਾ ਨੇ ਕਿਹਾ ਕਿ ਪੁਲੀਸ ਕੇਸ ਦਰਜ ਹੋਣ ਨਾਲ ਲੋਕਾਂ ਵਿੱਚ ਉਸ ਦੀ ਸ਼ਾਖ਼ ਬਹੁਤ ਜ਼ਿਆਦਾ ਖ਼ਰਾਬ ਹੋਈ ਹੈ ਅਤੇ ਉਸ ਦੇ ਪ੍ਰਸ਼ੰਸਕਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ। ਉਸ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਪ੍ਰਚਾਰੀ ਜਾਣ ਵਾਲੀ ਚੀਜ਼ ਦੀ ਡੂੰਘਾਈ ਨਾਲ ਪੜਤਾਲ ਹੋਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਹੀ ਕਿਸੇ ਵਿਰੁੱਧ ਕੋਈ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਨਿਆਂਇਕ ਜਾਂਚ ਦੇ ਆਦੇਸ਼ ਦਿੱਤੇ ਸਨ।