ਕੁਲਦੀਪ ਸਿੰਘ
ਚੰਡੀਗੜ੍ਹ, 17 ਅਗਸਤ
ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ਉੱਤੇ ਅਚਾਨਕ ਕਬਜ਼ਾ ਕਰ ਲਏ ਜਾਣ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਹੋਰ ਆਸ-ਪਾਸ ਦੇ ਕਾਲਜਾਂ ਵਿੱਚ ਪੜ੍ਹਾਈ ਕਰ ਰਹੇ ਵਿਦਿਆਰਥੀ ਆਪਣੇ ਪਰਿਵਾਰਾਂ ਪ੍ਰਤੀ ਚਿੰਤਤ ਹਨ।
ਬਹੁਤੇ ਵਿਦਿਆਰਥੀ ਆਪਣੇ ਮੁਲਕ ਵਿੱਚ ਪਰਿਵਾਰਾਂ ਕੋਲ ਵਾਪਸ ਜਾਣਾ ਚਾਹੁੰਦੇ ਹਨ ਪ੍ਰੰਤੂ ਮੀਡੀਆ ਰਾਹੀਂ ਮਿਲ ਰਹੀਆਂ ਖ਼ਬਰਾਂ ਤੋਂ ਉਥੋਂ ਦੇ ਹਾਲਾਤ ਦੇਖਦਿਆਂ ਉਨ੍ਹਾਂ ਨੂੰ ਡਰ ਵੀ ਸਤਾ ਰਿਹਾ ਹੈ।
ਪੰਜਾਬ ਯੂਨੀਵਰਸਿਟੀ ਵਿੱਚ ਪੋਲਿਟੀਕਲ ਸਾਇੰਸ ਦੇ ਰਿਸਰਚ ਸਕਾਲਰ ਅਬਦੁਲ ਨੇ ਦੱਸਿਆ ਕਿ ਉਹ ਪਰਿਵਾਰ ਕੋਲ ਜਾਣਾ ਤਾਂ ਚਾਹੁੰਦਾ ਹਨ ਪ੍ਰੰਤੂ ਹਾਲਾਤ ਦੇਖਦੇ ਹੋਏ ਕੁਝ ਅਜਿਹਾ ਮਹਿਸੂਸ ਹੋ ਰਿਹਾ ਹੈ, ਕਿ ਫਿਲਹਾਲ ਉਥੇ ਜਾਣਾ ਖੁਦਕੁਸ਼ੀ ਕਰਨ ਬਰਾਬਰ ਹੀ ਹੋਵੇਗਾ।
ਸੂਤਰਾਂ ਦੀ ਜਾਣਕਾਰੀ ਮੁਤਾਬਕ ਪੰਜਾਬ ਯੂਨੀਵਰਸਿਟੀ ਵਿੱਚ ਅਫ਼ਗਾਨਿਸਤਾਨ ਦੇ ਲਗਪਗ 350 ਵਿਦਿਆਰਥੀ ਅਤੇ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਵੀ ਕੁਝ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ। ਤਾਲਿਬਾਨ ਦੇ ਕਬਜ਼ੇ ਉਪਰੰਤ ਇਹ ਸਾਰੇ ਵਿਦਿਆਰਥੀ ਇੱਕ ਦੂਜੇ ਨਾਲ ਸੰਪਰਕ ਬਣਾ ਰਹੇ ਹਨ ਤਾਂ ਜੋ ਜ਼ਰੂਰਤ ਪੈਣ ’ਤੇ ਇੱਕ ਦੂਜੇ ਦੀ ਮਦਦ ਕੀਤੀ ਜਾ ਸਕੇ।
ਇਹ ਵੀ ਪਤਾ ਲੱਗਾ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਵੀ ਇਨ੍ਹਾਂ ਵਿਦਿਆਰਥੀਆਂ ਦੇ ਸੰਪਰਕ ਵਿੱਚ ਹੈ ਤਾਂ ਜੋ ਵਾਪਸ ਜਾਣ ਦੇ ਇੱਛੁਕ ਵਿਦਿਆਰਥੀਆਂ ਨੂੰ ਕੋਈ ਵੀਜ਼ਾ ਸਮੱਸਿਆ ਨਾ ਆਵੇ।
ਪੀ.ਯੂ. ਨੇ ਪ੍ਰੋ. ਤੋਮਰ ਦੀ ਡਿਊਟੀ ਲਗਾਈ
ਪੰਜਾਬ ਯੂਨੀਵਰਸਿਟੀ ਦੇ ਡੀਨ ਯੂਨੀਵਰਸਿਟੀ ਇੰਸਟਰੱਕਸ਼ਨਜ਼ ਵੱਲੋਂ ਅਫ਼ਗਾਨਿਸਤਾਨੀ ਵਿਦਿਆਰਥੀਆਂ ਦੀ ਸਮੱਸਿਆ ਜਾਂ ਸ਼ਿਕਾਇਤ ਸੁਣਨ ਲਈ ਡੀਨ ਵਿਦਿਆਰਥੀ ਭਲਾਈ ਪ੍ਰੋ. ਐਸ.ਕੇ. ਤੋਮਰ ਦੀ ਡਿਊਟੀ ਲਗਾਈ ਗਈ ਹੈ। ਅਥਾਰਿਟੀ ਦਾ ਕਹਿਣਾ ਹੈ ਕਿ ਹਾਲੇ ਤੱਕ ਕਿਸੇ ਵੀ ਅਫ਼ਗਾਨੀ ਵਿਦਿਆਰਥੀ ਵੱਲੋਂ ਕੋਈ ਸ਼ਿਕਾਇਤ ਆਦਿ ਨਹੀਂ ਮਿਲੀ ਹੈ।