ਪੱਤਰ ਪ੍ਰੇਰਕ
ਬਨੂੜ, 24 ਸਤੰਬਰ
ਇੱਥੇ ਚੰਡੀਗੜ੍ਹ-ਬਠਿੰਡਾ ਕੌਮੀ ਮਾਰਗ ਉੱਤੇ ਅੱਜ ਦੁਪਹਿਰੇ ਪਿੰਡ ਬੱਸੀਈਸੇ ਖਾਂ ਨੇੜੇ ਪੀਆਰਟੀਸੀ ਦੀ ਬੱਸ ਮੋਟਰਸਾਈਕਲ ਨਾਲ ਟਕਰਾਉਣ ਮਗਰੋਂ ਖਤਾਨਾਂ ਵਿੱਚ ਪਲਟ ਗਈ। ਇਸ ਹਾਦਸੇ ’ਚ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਚੰਡੀਗੜ੍ਹ ਤੋਂ ਘਨੌਰ ਜਾ ਰਹੀ ਬੱਸ ਵਿੱਚ ਕਰੀਬ 40 ਸਵਾਰੀਆਂ ਸਵਾਰ ਸਨ। ਜਾਣਕਾਰੀ ਅਨੁਸਾਰ ਬੱਸ ਚਾਲਕ ਨੇ ਮੋਟਰਸਾਈਕਲ ਨੂੰ ਪਿੱਛੋਂ ਟੱਕਰ ਮਾਰੀ ਤੇ ਇਸ ਮਗਰੋਂ ਬੱਸ ਖਤਾਨਾਂ ’ਚ ਪਲਟ ਗਈ। ਰਾਹਗੀਰਾਂ ਅਤੇ ਪਿੰਡ ਵਾਸੀਆਂ ਨੇ ਸਵਾਰੀਆਂ ਨੂੰ ਬਾਹਰ ਕੱਢਿਆ। ਗੰਭੀਰ ਜ਼ਖ਼ਮੀ ਹੋਏ ਮੋਟਰਸਾਈਕਲ ਚਾਲਕ ਨੂੰ ਬਨੂੜ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਜਾਂਚ ਅਧਿਕਾਰੀ ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਦਲਬੀਰ ਸਿੰਘ ਕਾਲਾ ਵਾਸੀ ਪਿੰਡ ਬਸੀ ਈਸੇ ਖਾਂ ਵਜੋਂ ਹੋਈ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਡੇਰਾਬਸੀ ਦੇ ਸਿਵਲ ਹਸਪਤਾਲ ਪਹੁੰਚਾ ਦਿੱਤਾ ਹੈ। ਕਾਲਾ ਚਾਰ ਬੱਚਿਆਂ ਦਾ ਪਿਤਾ ਸੀ ਤੇ ਮਜ਼ਦੂਰੀ ਕਰ ਕੇ ਪਰਿਵਾਰ ਪਾਲਦਾ ਸੀ।
ਹਾਦਸੇ ਵਿੱਚ ਨੌਜਵਾਨ ਦੀ ਮੌਤ
ਐਸ.ਏ.ਐਸ. ਨਗਰ (ਮੁਹਾਲੀ) (ਪੱਤਰ ਪ੍ਰੇਰਕ): ਇੱਥੋਂ ਦੇ ਫੇਜ਼-6 ਅਤੇ ਫੇਜ਼-1 ਨੂੰ ਵੰਡਦੀ ਮੁੱਖ ਸੜਕ ’ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਲਵਿੰਦਰ ਸਿੰਘ (32) ਵਾਸੀ ਪਿੰਡ ਦਾਊਂ (ਮੁਹਾਲੀ) ਵਜੋਂ ਹੋਈ ਹੈ। ਉਸ ਦੇ ਪਰਿਵਾਰ ਵਿੱਚ ਤਿੰਨ ਸਾਲਾ ਧੀ ਤੇ ਪਤਨੀ ਹੈ। ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਪ੍ਰਾਈਵੇਟ ਕੰਪਨੀ ਵਿੱਚ ਡੇਟਾ ਅਪਰੇਟਰ ਵਜੋਂ ਕੰਮ ਕਰਦਾ ਸੀ। ਬੀਤੀ ਰਾਤ ਉਹ ਪਲਸੋਰਾ ਵਾਲੇ ਪਾਸੇ ਤੋਂ ਮੋਟਰਸਾਈਕਲ ’ਤੇ ਘਰ ਜਾ ਰਿਹਾ ਸੀ, ਜਦੋਂ ਉਹ ਮੁਹਾਲੀ ਪਿੰਡ ਦੇ ਬਾਹਰਵਾਰ ਜਾਂਦੀ ਸੜਕ ’ਤੇ ਸਥਿਤ ਮੋਟਰ ਮਾਰਕੀਟ ਨੇੜੇ ਪੁੱਜਾ ਤਾਂ ਸਨਅਤੀ ਏਰੀਆ ’ਚੋਂ ਨਿਕਲ ਕੇ ਸੜਕ ’ਤੇ ਚੜ੍ਹ ਰਹੇ ਟਰਾਲੇ ਦੀ ਲਪੇਟ ਵਿੱਚ ਆ ਗਿਆ। ਹਾਦਸੇ ਕਾਰਨ ਬਲਵਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।