ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 27 ਅਕਤੂਬਰ
ਇਥੋਂ ਦੇ ਬਰਵਾਲਾ ਰੋਡ ’ਤੇ ਸਥਿਤ ਪਿੰਡ ਹਰੀਪੁਰ ਹਿੰਦੂਆਂ ਵਿਖੇ ਕੈਮੀਕਲ ਫੈਕਟਰੀ ਨੈਕਟਲ ਲਾਇਫ ਸਾਇੰਸ ਦੇ ਪ੍ਰਦੂਸ਼ਣ ਤੋਂ ਤੰਗ ਆ ਕੇ ਪਿੰਡ ਵਾਸੀਆਂ ਵੱਲੋਂ ਲਾਇਆ ਧਰਨਾ ਪ੍ਰਸ਼ਾਸਨ ਦੇ ਭਰੋਸੇ ਮਗਰੋਂ ਦੇਰ ਰਾਤ ਚੁੱਕ ਲਿਆ। ਜ਼ਿਕਰਯੋਗ ਹੈ ਕਿ ਪਿੰਡ ਵਾਸੀਆਂ ਨੇ ਲੰਘੇ ਕਲ੍ਹ ਤੜਕੇ ਹੀ ਉੱਕਤ ਫੈਕਟਰੀ ਦੇ ਬਾਹਰ ਪੱਕਾ ਧਰਨਾ ਲਾ ਦਿੱਤਾ ਸੀ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਸੀ ਕਿ ਫੈਕਟਰੀ ਵੱਲੋਂ ਨਿਯਮਾਂ ਦੀ ਅਣਦੇਖੀ ਕਰਦਿਆਂ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ। ਡੇਰਾਬੱਸੀ ਦੇ ਐੱਸਡੀਐੱਮ ਕੁਲਦੀਪ ਬਾਵਾ ਨੇ ਕਿਹਾ ਕਿ ਕੰਪਨੀ ਦੇ ਬੁਆਇਲਰ ਵਿੱਚ ਤਕਨੀਕੀ ਨੁਕਸ ਆਉਣ ਕਾਰਨ ਇਹ ਦਿੱਕਤ ਆ ਰਹੀ ਸੀ। ਪ੍ਰਦੂਸ਼ਣ ਰੋਕੂ ਬੋਰਡ ਨੂੰ ਮਾਮਲੇ ਦੀ ਜਾਂਚ ਕਰਨ ਦੀ ਹਦਾਇਤ ਕੀਤੀ ਗਈ ਹੈ