ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 3 ਨਵੰਬਰ
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖ਼ਲ ਤੋਂ ਬਾਅਦ ਸ਼ਹਿਰ ਦੇ ਰਿਆਨ ਇੰਟਰਨੈਸ਼ਨਲ ਪ੍ਰਾਈਵੇਟ ਸਕੂਲ ਦੀ ਕਥਿਤ ਧੱਕੇਸ਼ਾਹੀ ਵਿਰੁੱਧ ਜਾਂਚ ਸ਼ੁਰੂ ਹੋ ਗਈ ਹੈ।
ਕਮਿਸ਼ਨ ਨੇ ਸਿੱਖਿਆ ਵਿਭਾਗ ਦੇ ਡਾਇਰੈਕਟਰ ਨੂੰ ਪੱਤਰ ਲਿਖ ਕੇ ਸਮੁੱਚੇ ਮਾਮਲੇ ਦੀ ਪੜਤਾਲੀਆ ਰਿਪੋਰਟ 9 ਨਵੰਬਰ ਤੱਕ ਦੇਣ ਲਈ ਆਖਿਆ ਸੀ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਅਗਵਾਈ ਹੇਠ ਤਿੰਨ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਘੜੂੰਆਂ ਸਕੂਲ ਤੇ ਕੁਰੜੀ ਸਕੂਲ ਦੇ ਪ੍ਰਿੰਸੀਪਲਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਨਿੱਜੀ ਸਕੂਲ ’ਤੇ ਗਰੀਬ ਪਰਿਵਾਰ ਦੀ ਲੜਕੀ ਪ੍ਰੀਤ ਕੌਰ ਨੂੰ ਅੱਠਵੀਂ ਪਾਸ ਦਾ ਸਰਟੀਫਿਕੇਟ ਜਾਰੀ ਨਾ ਕਰਨ ਦਾ ਦੋਸ਼ ਹੈ।
ਪੀੜਤ ਲੜਕੀ ਦੇ ਪਿਤਾ ਬਿਕਰਮ ਸਿੰਘ ਨੇ ਜਾਂਚ ਕਮੇਟੀ ਨੂੰ ਦੱਸਿਆ ਕਿ ਉਸ ਦੀ ਬੇਟੀ ਪ੍ਰੀਤ ਕੌਰ ਪਹਿਲੀ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਉਪਰੋਕਤ ਸਕੂਲ ਵਿੱਚ ਪੜ੍ਹੀ ਹੈ। ਸਰਕਾਰੀ ਹਾਈ ਸਕੂਲ ਬਾਕਰਪੁਰ ਵਿੱਚ ਦਸਵੀਂ ਜਮਾਤ ਵਿੱਚ ਪੜ੍ਹ ਰਹੀ ਹੈ। ਲੇਕਿਨ ਅੱਠਵੀਂ ਦਾ ਸਰਟੀਫਿਕੇਟ ਨਾ ਹੋਣ ਕਰਕੇ ਹੁਣ ਉਹ ਦਸਵੀਂ ਦੀ ਪ੍ਰੀਖਿਆ ਵਿੱਚ ਅਪੀਅਰ ਨਹੀਂ ਹੋ ਸਕਦੀ। ਜਦੋਂ ਵਿਦਿਆਰਥਣ ਦੇ ਪਿਤਾ ਨੇ ਪ੍ਰਾਈਵੇਟ ਸਕੂਲ ਨਾਲ ਸੰਪਰਕ ਕਰਕੇ ਅੱਠਵੀਂ ਦਾ ਸਰਟੀਫਿਕੇਟ ਦੇਣ ਦੀ ਮੰਗ ਕੀਤੀ ਤਾਂ ਸਕੂਲ ਪ੍ਰਬੰਧਕਾਂ ਨੇ ਉਸ ਦੇ ਹੱਥ ਵਿੱਚ ਕਰੋਨਾ ਪੀਰੀਅਡ ਦਾ ਬਕਾਇਆ ਕੱਢ ਕੇ 52 ਹਜ਼ਾਰ ਰੁਪਏ ਦਾ ਫੀਸ ਜਮ੍ਹਾਂ ਕਰਵਾਉਣ ਦਾ ਨੋਟਿਸ ਫੜਾ ਦਿੱਤਾ। ਇਸ ਤੋਂ ਇਲਾਵਾ ਸਕੂਲ ਇਕ ਸਾਲ ਦੀ ਹੋਰ ਫੀਸ ਮੰਗ ਰਿਹਾ ਹੈ।
ਇਸ ਮੌਕੇ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ, ਡਾ. ਅੰਬੇਦਕਰ ਭਲਾਈ ਮੰਚ ਦੇ ਪ੍ਰਧਾਨ ਕਿਰਪਾਲ ਸਿੰਘ ਮੁੰਡੀ ਖਰੜ ਅਤੇ ਸ਼ਿਵੰਦਰ ਸਿੰਘ ਲੱਖੋਵਾਲ ਨੇ ਸਰਕਾਰ ਨੂੰ ਇਸ ਮਸਲੇ ਦਾ ਹੱਲ ਕਰਨ ਦੀ ਮੰਗ ਕੀਤੀ ਹੈ।