ਪੱਤਰ ਪ੍ਰੇਰਕ
ਬਨੂੜ, 22 ਜੁਲਾਈ
ਰਾਜ ਭਰ ਵਿੱਚ ਪਟਵਾਰ ਯੂਨੀਅਨ ਵੱਲੋਂ ਵਾਧੂ ਚਾਰਜ ਛੱਡਣ ਕਾਰਨ ਬਨੂੜ ਖੇਤਰ ਦੇ ਗਿਆਰਾਂ ਪਿੰਡਾਂ ਦੇ ਕਿਸਾਨ ਤੇ ਹੋਰ ਵਸਨੀਕ ਪਟਵਾਰੀਆਂ ਨਾਲ ਸਬੰਧਿਤ ਕਾਰਜਾਂ ਲਈ ਖੱਜਲ-ਖੁਆਰ ਹੋ ਰਹੇ ਹਨ। ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਵੱਖ-ਵੱਖ ਦਸਤਾਵੇਜ਼ਾਂ ਲਈ ਹਲਕਾ ਪਟਵਾਰੀ ਦੀ ਰਿਪੋਰਟ ਕਰਾਉਣ ਲਈ ਵੀ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਬਨੂੜ ਕਾਨੂੰਗੋਈ ਵਿੱਚ 10 ਸਰਕਲਾਂ ਲਈ ਸੱਤ ਪਟਵਾਰੀ ਹਨ। ਪਹਿਲਾਂ ਸੱਤ ਪਟਵਾਰੀਆਂ ਕੋਲ ਹੀ ਰਹਿੰਦੇ ਸਰਕਲਾਂ ਦਾ ਵਾਧੂ ਚਾਰਜ ਸੀ, ਜੋ ਹੁਣ ਉਨ੍ਹਾਂ ਨੇ ਛੱਡ ਦਿੱਤਾ ਹੈ। ਪਟਵਾਰੀਆਂ ਤੋਂ ਸੱਖਣੇ ਤਿੰਨ ਸਰਕਲਾਂ ਰਾਮਪੁਰ, ਹੁਲਕਾ ਅਤੇ ਹੰਸਾਲਾ ਵਿੱਚ ਰਾਮਪੁਰ ਕਲਾਂ, ਖਿਜ਼ਰਗੜ੍ਹ(ਕਨੌੜ), ਅਜ਼ੀਜ਼ਪੁਰ, ਕਰਾਲਾ, ਹੁਲਕਾ ਨੰਡਿਆਲੀ, ਕਲੌਲੀ, ਹੰਸਾਲਾ ਹੁੰਬੜਾ, ਮੁਕੰਦਪੁਰ, ਰਾਜੋਮਾਜਰਾ ਆਦਿ ਗਿਆਰਾਂ ਪਿੰਡ ਪਟਵਾਰੀਆਂ ਦੀਆਂ ਸੇਵਾਵਾਂ ਤੋਂ ਵਾਂਝੇ ਹਨ। ਰਾਜੋਮਾਜਰਾ ਦੇ ਕਿਸਾਨ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਬੈਂਕ ਦੇ ਕਰਜ਼ੇ ਸਬੰਧੀ ਜ਼ਮੀਨ ਲਈ ਪਟਵਾਰੀ ਦੇ ਹਸਤਾਖਰਾਂ ਦੀ ਲੋੜ ਹੈ, ਪਰ ਵੀਹ ਦਿਨਾਂ ਤੋਂ ਉਸਦੀ ਮੁਸ਼ਕਿਲ ਦਾ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਉਹ ਇਸ ਸਬੰਧੀ ਅਧਿਕਾਰੀਆਂ ਨੂੰ ਵੀ ਮਿਲ ਚੁੱਕੇ ਹਨ, ਪਰ ਕੋਈ ਕਾਰਵਾਈ ਨਹੀਂ ਹੋਈ। ਪਿੰਡਾਂ ਦੇ ਵਸਨੀਕਾਂ ਨੇ ਮੰਗ ਕੀਤੀ ਕਿ ਤੁਰੰਤ ਪਟਵਾਰੀ ਭੇਜੇ ਜਾਣ।
ਪੰਜਾਬ ਪੱਧਰ ਦੀ ਹੈ ਸਮੱਸਿਆ: ਨਾਇਬ ਤਹਿਸੀਲਦਾਰ
ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਪੰਜਾਬ ਪੱਧਰ ਦੀ ਸਮੱਸਿਆ ਹੈ ਤੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦੀ ਗਈ ਹੈ। ਉਨ੍ਹਾਂ ਮੰਨਿਆ ਕਿ ਪਟਵਾਰੀਆਂ ਵੱਲੋਂ ਸਰਕਲ ਛੱਡਣ ਕਾਰਨ ਲੋਕਾਂ ਨੂੰ ਸਮੱਸਿਆ ਆ ਰਹੀ ਹੈ।