ਦਰਸ਼ਨ ਸਿੰਘ ਸੋਢੀ
ਮੁਹਾਲੀ, 18 ਜੂਨ
ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਾਹਮਣੇ ਪੁਆਧੀ ਹਲਕਾ ਮੁਹਾਲੀ ਵੱਲੋਂ ਖੇਤੀ ਕਾਨੂੰਨ ਦੇ ਵਿਰੋਧ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਚੱਲ ਰਹੇ ਦੇਸ਼-ਵਿਆਪੀ ਕਿਸਾਨ-ਮਜ਼ਦੂਰ ਅੰਦੋਲਨ ਦੀ ਹਮਾਇਤ ਵਿੱਚ ਸ਼ੁਰੂ ਕੀਤੀ ਭੁੱਖ-ਹੜਤਾਲ ਵਿੱਚ ਅੱਜ 11ਵੇਂ ਦਿਨ ਵਿੱਚ ਦਾਖ਼ਲ ਹੋ ਗਈ। ਅੱਜ ਆਜ਼ਾਦ ਗਰੁੱਪ ਦੀ ਕੌਂਸਲਰ ਹਰਜਿੰਦਰ ਕੌਰ ਬੈਦਵਾਨ ਦੀ ਅਗਵਾਈ ਹੇਠ ਬੀਬੀਆਂ ਨੇ ਭੁੱਖ ਹੜਤਾਲ ’ਤੇ ਬੈਠ ਕੇ ਧਰਨੇ ਦਾ ਮੋਰਚਾ ਸੰਭਾਲਿਆ। ਅੱਜ ਕੌਂਸਲਰ ਹਰਜਿੰਦਰ ਕੌਰ ਸਮੇਤ ਗੁਰਮੀਤ ਕੌਰ, ਰਾਜਵੀਰ ਕੌਰ ਗਿੱਲ, ਅਰੁਣਾ ਵਸ਼ਿਸ਼ਟ, ਰਮਨਪ੍ਰੀਤ ਕੌਰ ਕੁੰਭੜਾ ਸਾਰੀਆਂ ਕੌਂਸਲਰ ਸਵੇਰੇ ਭੁੱਖ-ਹੜਤਾਲ ’ਤੇ ਬੈਠੀਆਂ ਅਤੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਹਿਲਾ ਕੌਂਸਲਰਾਂ ਨੇ ਕਿਹਾ ਕਿ ਦੁਨੀਆ ਭਰ ਵਿੱਚ ਹੁਣ ਤੱਕ ਜਿੰਨੇ ਵੀ ਧਾਰਮਿਕ, ਸਮਾਜਿਕ, ਰਾਜਨੀਤਕ ਸੰਘਰਸ਼ ਹੋਏ ਹਨ, ਉਨ੍ਹਾਂ ਵਿੱਚ ਔਰਤਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਕਿਸਾਨੀ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਮਿੰਦਰ ਸੋਹਾਣਾ, ਨੰਬਰਦਾਰ ਹਰਵਿੰਦਰ ਸਿੰਘ, ਅਮਨ ਪੂਨੀਆ ਪਹਿਲਵਾਨ, ਬਲਰਾਜ ਸਿੰਘ ਗਿੱਲ, ਯੂਥ ਕਲੱਬ ਸੋਹਾਣਾ ਦੇ ਪ੍ਰਧਾਨ ਗੁਰਦੀਪ ਸਿੰਘ ਗੁਰੀ ਬੈਦਵਾਨ, ਦਵਿੰਦਰ ਸਿੰਘ ਬੌਬੀ, ਸਾਬਕਾ ਕੌਂਸਲਰ ਸੁਰਿੰਦਰ ਸਿੰਘ ਰੋਡਾ, ਬਲਾਕ ਸਮਿਤੀ ਦੀ ਸਾਬਕਾ ਮੈਂਬਰ ਬਲਬੀਰ ਕੌਰ, ਨੌਜਵਾਨ ਆਗੂ ਖੁਸ਼ਇੰਦਰ ਸਿੰਘ ਬੈਦਵਾਨ ਨੇ ਵੀ ਧਰਨੇ ਵਿੱਚ ਸ਼ਮੂਲੀਅਤ ਕਰਕੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ।