ਕਰਮਜੀਤ ਸਿੰਘ ਚਿੱਲਾ
ਬਨੂੜ, 19 ਦਸੰਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨੀ ਸੰਘਰਸ਼ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਦਿੱਲੀ ਵਿੱਚ ਕੜਾਕੇ ਦੀ ਠੰਢ ’ਚ ਸੜਕਾਂ ਉੱਤੇ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਕਾਰਨ ਗੁੱਸਾ ਵਧਦਾ ਜਾ ਰਿਹਾ ਹੈ। ਬਨੂੜ ਖੇਤਰ ਦੇ ਵੱਡੀ ਗਿਣਤੀ ਕਿਸਾਨ ਦਿੱਲੀ ਗਏ ਹੋਏ ਹਲ ਅਤੇ ਸਿੰਘੂ ਬਾਰਡਰ ਉੱਤੇ ਅੰਨਦਾਤਾ ਦੇ ਹੌਸਲੇ ਬੁਲੰਦ ਹਨ। ਇਸੇ ਦੌਰਾਨ ਅਜ਼ੀਜ਼ਪੁਰ ਟੌਲ ਪਲਾਜ਼ਾ ਉੱਤੇ ਧਰਨਾ 69ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਅੱਜ ਇੱਥੇ ਸਾਬਕਾ ਫੌਜੀਆਂ ਅਤੇ ਕਿਸਾਨਾਂ ਦੀ ਭਰਵੀਂ ਇਕੱਤਰਤਾ ਹੋਈ। ਇਸੇ ਦੌਰਾਨ ਪਸ਼ੂ ਪਾਲਣ ਵਿਭਾਗ ਦੇ ਸੇਵਾ-ਮੁਕਤ ਡਿਪਟੀ ਡਾਇਰੈਕਟਰ ਡਾ. ਬਿਮਲ ਸ਼ਰਮਾ ਨੇ ਕਿਸਾਨ ਸੰਘਰਸ਼ ਦੀ ਹਮਾਇਤ ਕਰਦਿਆਂ ਅੱਜ ਆਪਣੇ ਸਾਥੀਆਂ ਸਮੇਤ ਦਿੱਲੀ ਸੰਘਰਸ਼ ਵਿੱਚ ਸ਼ਿਰਕਤ ਕੀਤੀ। ਇਸੇ ਦੌਰਾਨ ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਨੇ ਅੱਜ ਬਾਅਦ ਦੁਪਹਿਰ ਬਨੂੜ ਦੇ ਐਮਸੀ ਰੋਡ ਉੱਤੇ ਜੀਓ ਕੰਪਨੀ ਦਾ ਸ਼ੋਅ ਰੂਮ ਬੰਦ ਕਰਾ ਦਿੱਤਾ। ਲਾਲੜੂ (ਸਰਬਜੀਤ ਸਿੰਘ ਭੱਟੀ): ਕੇਂਦਰ ਸਰਕਾਰ ਵਲੋਂ ਖੇਤੀ ਸਬੰਧੀ ਬਣਾਏ ਤਿੰਨ ਕਾਲੇ ਕਾਨੂੰਨਾ ਨੂੰ ਰੱਦ ਕਰਾਉਣ ਲਈ ਇਲਾਕੇ ਦੇ ਕਿਸਾਨਾ ਨੇ ਦਿੱਲੀ ਬੈਠੇ ਕਿਸਾਨਾ ਲਈ ਪੰਜ ਟਰਾਲੀਆਂ ਅਤੇ ਇਕ ਕੈਂਟਰ ਰਾਸਨ ਸਮੱਗਰੀ ਅਤੇ ਲੱਕੜਾਂ ਭੇਜਿਆ। ਕਿਸਾਨਾਂ ਨੇ ਦੱਸਿਆ ਕਿ ਪਿੰਡ ਜੌਲਾ ਕਲਾਂ ਵਾਸੀਆਂ ਦੇ ਸਹਿਯੋਗ ਨਾਲ ਪੰਜ ਕੁਇੰਟਲ ਖੋਏ ਦੀ ਪਿੰਨੀਆਂ, ਦੋ ਕੁਇੰਟਲ ਖੁਰਮੇ ਵਾਲੀ ਮਿਠਾਈ ਨਾਲ ਭਰੀ ਇਕ ਟਰਾਲੀ, ਪਿੰਡ ਚਡਿਆਲਾ ਵਾਸੀਆਂ ਵਲੋਂ ਦੋ ਟਰਾਲੀਆਂ ਲੱਕੜਾਂ, ਗੈਸ ਸਲੰਡਰ ਅਤੇ ਸੁੱਕਾ ਰਾਸ਼ਨ ਦਿੱਲੀ ਲੰਗਰ ਸੇਵਾ ਲਈ ਅੱਜ ਟੌਲ ਪਲਾਜ਼ਾ ਦੱਪਰ ਤੋਂ ਰਵਾਨਾ ਕੀਤੀਆਂ ਗਈਆਂ।
ਫ਼ਤਹਿਗੜ੍ਹ ਸਾਹਿਬ (ਅਜੇ ਮਲਹੋਤਰਾ): ਪੰਜਾਬ ਸਟੇਟ ਕਰਮਚਾਰੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ ਰੈਲੋਂ ਦੀ ਅਗਵਾਈ ਵਿਚ ਅੱਜ ਸਿਵਲ ਹਸਪਤਾਲ ਤੋਂ ਲੈ ਕੇ ਡੀਸੀ ਦਫ਼ਤਰ ਤੱਕ ਕੇਂਦਰ ਸਰਕਾਰ ਖ਼ਿਲਾਫ਼ ਰੋਸ ਮਾਰਚ ਕੀਤਾ ਗਿਆ, ਜਿਸ ਵਿਚ ਮੰਗ ਕੀਤੀ ਗਈ ਕਿ ਕਿਸਾਨਾਂ ਖ਼ਿਲਾਫ਼ ਬਣਾਏ ਤਿੰਨ ਕਾਲੇ ਕਾਨੂੰਨ ਰੱਦ ਕੀਤੇ ਜਾਣ। ਇਸ ਮੌਕੇ ਏਡੀਸੀ ਅਨੂਪ੍ਰਿਤਾ ਜੌਹਲ ਨੂੰ ਇਕ ਮੰਗ ਪੱਤਰ ਵੀ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਸੌਂਪਿਆ ਗਿਆ। ਇਸੇ ਦੌਰਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਐਡਵੋਕੇਟ ਤੇਜਿੰਦਰ ਸਿੰਘ ਧੀਮਾਨ ਦੀ ਅਗਵਾਈ ਵਿਚ ਸਮੂਹ ਵਕੀਲ ਕਿਸਾਨਾਂ ਦੇ ਧਰਨੇ ਵਿਚ ਸ਼ਾਮਲ ਹੋਣ ਲਈ ਦਿਲੀ ਗਏ। ਜ਼ਿਲ੍ਹਾ ਬਾਰ ਦੇ ਪ੍ਰਧਾਨ ਐਡਵੋਕੇਟ ਤੇਜਿੰਦਰ ਸਿੰਘ ਧੀਮਾਨ, ਸਾਬਕਾ ਪ੍ਰਧਾਨ ਐਡਵੋਕੇਟ ਨਰਿੰਦਰ ਸਿੰਘ ਟਿਵਾਣਾ ਅਤੇ ਸਾਬਕਾ ਪ੍ਰਧਾਨ ਐਡਵੋਕੇਟ ਅਮਰਜੀਤ ਸਿੰਘ ਚੀਮਾ ਨੇ ਸਾਂਝੇ ਤੌਰ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਬਾਰ ਐਸੋਸੀਏਸ਼ਨ ਵੱਲੋਂ ਕਿਸਾਨ ਅਤੇ ਕਿਸਾਨੀ ਨੂੰ ਹਮਾਇਤ ਜ਼ਾਹਰ ਰਹੇਗੀ।
ਕੁਰਾਲੀ (ਮਿਹਰ ਸਿੰਘ): ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਸਰਕਾਰ ਵਿਰੁੱਧ ਸੀਸਵਾਂ ਰੋਡ ’ਤੇ ਪੈਂਦੇ ਬੜੌਦੀ ਟੌਲ ਪਲਾਜ਼ਾ ’ਤੇ ਕਿਸਾਨਾਂ ਦੇ ਹੱਕ ਵਿਚ ਲੋਕ ਹਿੱਤ ਮਿਸ਼ਨ ਬਲਾਕ ਮਾਜਰੀ ਦੇ ਆਗੂਆਂ ਵੱਲੋਂ ਰੋਸ ਧਰਨਾ ਲਗਾਤਾਰ ਚੱਲ ਰਿਹਾ ਹੈ। ਇੱਥੋਂ ਦਿੱਲੀ ਦੇ ਕਿਸਾਨ ਧਰਨੇ ਵਿੱਚ ਸ਼ਾਮਲ ਹੋਣ ਜਾ ਰਹੇ ਜਥੇ ਨੂੰ ਰਵਾਨਾ ਕੀਤਾ ਗਿਆ। ਕੇਂਦਰ ਸਰਕਾਰ ਖ਼ਿਲਾਫ਼ ਦਿੱਲੀ ਦੇ ਸਿੰਘੂ ਬਾਰਡਰ ਵਿਚ ਚੱਲ ਰਹੇ ਕਿਸਾਨੀ ਸੰਘਰਸ਼ ਲਈ ਜਾ ਰਹੇ ਤੇ ਜਾਣ ਵਾਲੇ ਇਲਾਕੇ ਦੇ ਕਿਸਾਨਾਂ ਦਾ ਸਹਿਯੋਗ ਕਰਨ ਵਾਲੇ ਹਰ ਵਰਗ ਦੇ ਲੋਕਾਂ ਲਈ ਇਲਾਕੇ ਦੇ ਉਘੇ ਖੇਡ ਪ੍ਰਮੋਟਰ ਤੇ ਸਮਾਜ ਸੇਵੀ ਆਗੂ ਨਰਿੰਦਰ ਸਿੰਘ ਕੰਗ ਵੱਲੋਂ ਕਿਸਾਨੀ ਸ਼ੰਘਰਸ਼ ਲਈ ਰਵਾਨਾ ਹੋਣ ਵਾਲੇ ਕਿਸਾਨਾਂ ਦੇ ਵਾਹਨਾਂ ਲਈ ਕਿਸਾਨੀ ਝੰਡੇ ਮੁਹਈਆ ਕਰਵਾਏ ਗਏ।
ਨੂਰਪੁਰ ਬੇਦੀ (ਅਵਿਨਾਸ਼ ਸ਼ਰਮਾ): ਨੂਰਪੁਰ ਬੇਦੀ ਖੇਤਰ ਦੇ ਪਿੰਡਾਂ ਦੇ ਕਿਸਾਨ ਦਿੱਲੀ ਵਿਚ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਨਿਰੰਤਰ ਜਾ ਰਹੇ ਹਨ। ਅੱਜ ਨੂਰਪੁਰ ਬੇਦੀ ਦੇ ਪਿੰਡ ਗੱਦੀ ਵਾਲ ਅਤੇ ਮਾਣਕੁਮਾਜਰਾ ਦੇ ਲੋਕਾਂ ਦਾ ਜਥਾ ਬਾਬਾ ਦਿਲਬਾਗ ਸਿੰਘ ਨੇ ਰਵਾਨਾ ਕਰਦੇ ਹੋਏ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ੳਦੋਂ ਤੀਕ ਜਾਰੀ ਰਹੇਗਾ ਜਦੋਂ ਤੀਕ ਕੇਂਦਰ ਵਲੋਂ ਪਾਸ ਕੀਤੇ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ। ਇਹ ਜਥਾ ਸਰਪੰਚ ਕੁਲਦੀਪ ਸਿੰਘ ਤੇ ਅਮਰੀਕ ਸਿੰਘ ਦੀ ਅਗਵਾਈ ਹੇਠ ਰਵਾਨਾ ਹੋਇਆ। ਇਸ ਮੌਕੇ ਮੁੱਖ ਤੌਰ ’ਤੇ ਹਰਜਿੰਦਰ ਸਿੰਘ ਸੁਖਕਰਨ ਸਿੰਘ ਜਗਵੀਰ ਸਿੰਘ ਸੁਖਵਿਮਦਰ ਸਿੰਘ ਤੇ ਹੋਰ ਕਿਸਾਨ ਹਾਜ਼ਰ ਸਨ।
ਅਮਲੋਹ (ਰਾਮ ਸਰਨ ਸੂਦ): ਪੰਜਾਬ ਨੰਬਰਦਾਰ ਯੂਨੀਅਨ ਅਮਲੋਹ ਦੇ ਆਗੂਆਂ ਦਾ ਇੱਕ ਕਾਫ਼ਲਾ ਦਿੱਲੀ ਅੰਦੋਲਨ ਵਿੱਚ ਪੁੱਜਿਆ। ਇਸ ਮੌਕੇ ਸੂਬਾ ਪ੍ਰਧਾਨ ਮਨਜੀਤ ਸਿੰਘ ਮੀਆਂਪੁਰ ਨੇ ਕਿਹਾ ਕਿ ਅੱਜ ਦੇਸ਼ ਦਾ ਕਿਸਾਨ ਅਤੇ ਮਜ਼ਦੂਰ ਦਿੱਲੀ ਦੀਆਂ ਸੜਥਾਂ ’ਤੇ ਧਰਨੇ ਦੇ ਕੇ ਰਾਤਾਂ ਗੁਜ਼ਾਰ ਰਿਹਾ ਹੈ ਅਤੇ ਕੇਂਦਰ ਸਰਕਾਰ ਇਨ੍ਹਾਂ ਧਰਨਿਆਂ ਨੂੰ ਦੂਜੇ ਦੇਸ਼ਾਂ ਦੇ ਬਹਿਕਾਵਿਆਂ ਦਾ ਨਾਂ ਦੇ ਕੇ ਆਪਣਾ ਖਹਿੜਾ ਛੁਡਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਕਿਸਾਨੀ ਸੰਘਰਸ਼ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ ਅਤੇ ਜਦੋਂ ਤੱਕ ਕੇਂਦਰ ਸਰਕਾਰ ਆਪਣੇ ਇਹ ਲੋਕ ਵਿਰੋਧੀ ਬਿਲ ਵਾਪਸ ਨਹੀਂ ਲਵੇਗੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।
ਸਕੂਲ ਦੇ ਵਿਦਿਆਰਥੀਆਂ ਵੱਲੋਂ ਨਾਅਰੇਬਾਜ਼ੀ
ਘਨੌਲੀ (ਜਗਮੋਹਨ ਸਿੰਘ): ਇੱਥੋਂ ਦੇ ਲਾਰਡ ਕ੍ਰਿਸ਼ਨਾ ਪਬਲਿਕ ਸਕੂਲ ਘਨੌਲੀ ਦੇ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਵੱਲੋਂ ਕਿਸਾਨੀ ਸੰਘਰਸ਼ ਦਾ ਸਮਰਥਨ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਸਕੂਲ ਦੇ ਡਾਇਰੈਕਟਰ ਐਡਵੋਕੇਟ ਰਾਜੀਵ ਸ਼ਰਮਾ ਅਤੇ ਪ੍ਰਿੰਸੀਪਲ ਕਵਿਤਾ ਸ਼ਰਮਾ ਦੀ ਅਗਵਾਈ ਹੇਠ ਦੋ ਮਿੰਟ ਦਾ ਮੌਨ ਰੱਖ ਕੇ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮਗਰੋਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਅਰਬਾਂਪਤੀ ਸਰਮਾਏਦਾਰਾਂ ਦੀ ਥਾਂ ਕਿਸਾਨੀ ਨੂੰ ਤਰਜੀਹ ਦੇਣ। ਇਸ ਮੌਕੇ ਐਡਵੋਕੇਟ ਰਜੀਵ ਸ਼ਰਮਾ ਨੇ ਕਿਹਾ ਕਿ ਕਿਸੇ ਵੀ ਲੋਕਤੰਤਰੀ ਦੇਸ਼ ਵਿੱਚ ਹਰ ਇੱਕ ਵਿਅਕਤੀ ਨੂੰ ਸ਼ਾਂਤ ਵੀ ਸੰਘਰਸ਼ ਕਰਨ ਦਾ ਪੂਰਾ ਹੱਕ ਹੈ ਅਤੇ ਸੁਪਰੀਮ ਕੋਰਟ ਨੇ ਵੀ ਇਸ ਹੱਕ ਦਾ ਸਮਰਥਨ ਕੀਤਾ ਹੈ।
ਦਿੱਲੀ ਚੱਲੋ ਮੁਹਿੰਮ ਤਹਿਤ ਜਾਗਰੂਕ ਕੀਤਾ
ਮੋਰਿੰਡਾ (ਸੰਜੀਵ ਤੇਜਪਾਲ): ਮੋਦੀ ਸਰਕਾਰ ਵਿਰੁੱਧ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਵਿੱਚ ਸੰਘਰਸ਼ ਕਰ ਰਹੇ ਕਿਸਾਨਾਂ ਦਾ ਸਹਿਯੋਗ ਕਰਨ ਲਈ ਮੋਰਿੰਡਾ ਵਿਚ ਦਿੱਲੀ ਚਲੋ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ। ਇਸ ਸਬੰਧੀ ਨਰਿੰਦਰ ਸਿੰਘ ਕੰਗ ਨੇ ਦੱਸਿਆ ਕਿ ਨੌਜਵਾਨਾਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਝੰਡੇ ਵੀ ਵੰਡੇ ਗਏ ਹਨ। ਸ੍ਰੀ ਕੰਗ ਨੇ ਕਿਹਾ ਕਿ ਇਸ ਮੁਹਿੰਮ ਦੀ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਮੌਕੇ ਅਮਰਜੀਤ ਧਾਲੀਵਾਲ, ਸੰਦੀਪ ਸਿੰਘ ਸਿੱਬਲਮਾਜਰਾ, ਯਾਦਵਿੰਦਰ ਸਿੰਘ, ਮਨਿੰਦਰ ਸਿੰਘ ਮਾਨਖੇੜੀ, ਅਮਨਦੀਪ ਸਿੰਘ, ਸੁਖਮੀਤ ਸਿੰਘ ਰਾਣਵਾਂ, ਜਸਵਿੰਦਰ ਸਿੰਘ, ਪਰਮਜੀਤ ਸਿੰਘ, ਅਮਨਦੀਪ ਸਿੰਘ, ਲਵਪ੍ਰੀਤ ਸਿੰਘ, ਲਖਵਿੰਦਰ ਸਿੰਘ ਮੌਜੂਦ ਸਨ।
ਸ਼ਹੀਦ ਕਿਸਾਨਾਂ ਨਮਿਤ ਸ਼ਰਧਾਂਜਲੀ ਸਮਾਗਮ ਅੱਜ
ਬਨੂੜ (ਪੱਤਰ ਪ੍ਰੇਰਕ): ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ ਸਾਥੀਆਂ ਨੂੰ ਸ਼ਰਧਾਂਜਲੀਆਂ ਦੇਣ ਲਈ ਪਿੰਡਾਂ ਵਿੱਚ 20 ਦਸੰਬਰ ਨੂੰ ਸਰਧਾਂਜ਼ਲੀ ਸਮਾਗਮ ਹੋਣਗੇ। ਕਿਸਾਨ ਆਗੂਆਂ ਨੇ ਦੱਸਿਆ ਕਿ ਪਿੰਡਾਂ ਵਿੱਚ ਗੁਰਦੁਆਰਿਆਂ ਤੇ ਹੋਰ ਜਨਤਕ ਥਾਵਾਂ ਉੱਤੇ ਇਕੱਤਰ ਹੋ ਕੇ ਕਿਸਾਨ ਸੰਘਰਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।