ਪੱਤਰ ਪ੍ਰੇਰਕ
ਕੁਰਾਲੀ, 4 ਮਈ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਨੇ ਅੱਜ ਸ਼ਹਿਰ ਦੇ ਖਾਦ, ਬੀਜ ਅਤੇ ਕੀਟਨਾਸ਼ਕ ਦਵਾਈਆਂ ਦੀਆਂ ਦੁਕਾਨਾਂ ਦੀ ਜਾਂਚ ਕੀਤੀ। ਇਸ ਦੌਰਾਨ ਸੈਂਪਲ ਵੀ ਲਏ ਗਏ। ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਜੇਸ਼ ਕੁਮਾਰ ਰਹੇਜਾ ਦੇ ਹੁਕਮਾਂ ਅਨੁਸਾਰ ਵਿਭਾਗ ਦੀ ਟੀਮ ਨੇ ਖੇਤੀਬਾੜੀ ਅਫ਼ਸਰ ਡਾ. ਗੁਰਬਚਨ ਸਿੰਘ ਦੀ ਅਗਵਾਈ ਹੇਠ ਸ਼ਹਿਰ ਦੇ ਖਾਦ, ਬੀਜ ਅਤੇ ਕੀਟਨਾਸ਼ਕ ਦਵਾਈਆਂ ਦੇ ਡੀਲਰਾਂ ਦੀਆਂ ਦੁਕਾਨਾਂ ਦੀ ਜਾਂਚ ਕੀਤੀ। ਇਸ ਦੌਰਾਨ ਦੁਕਾਨਕਾਰਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਖੇਤੀ ਸਮੱਗਰੀ ਖਰੀਦਣ ਅਤੇ ਵੇਚਣ ਸਬੰਧੀ ਸਾਰੇ ਦਸਤਾਵੇਜ਼ ਮੁਕੰਮਲ ਰੱਖੇ ਜਾਣ, ਕਿਸਾਨਾਂ ਨੂੰ ਉੱਚ ਮਿਆਰੀ ਖੇਤ ਸਮੱਗਰੀ ਉਪਲਬੱਧ ਕਰਵਾਈ ਜਾਵੇ ਅਤੇ ਹਰ ਕਿਸਾਨ ਨੂੰ ਖਰੀਦੀ ਖੇਤੀ ਸਮੱਗਰੀ ਦਾ ਬਿੱਲ ਜ਼ਰੂਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਦੁਕਾਨਦਾਰ ਅਜਿਹਾ ਨਹੀਂ ਕਰਦਾ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਦੌਰਾਨ ਦੁਕਾਨਦਾਰਾਂ ਵੱਲੋਂ ਵੇਚੇ ਜਾ ਰਹੇ ਖਾਦ ਅਤੇ ਦਵਾਈਆਂ ਦੇ ਸੈਂਪਲ ਵੀ ਲਏ ਗਏ। ਇਸ ਮੌਕੇ ਡਾ. ਕੇਤਨ ਚਾਵਲਾ, ਸਵਿੰਦਰ ਕੁਮਾਰ ਏਟੀਐੱਮ, ਡੀਲਰ ਦਲਜੀਤ ਸਿੰਘ, ਕੁਲਵਿੰਦਰ ਸਿੰਘ ਤੇ ਸੁਭਾਸ਼ ਚੰਦਰ ਆਦਿ ਹਾਜ਼ਰ ਸਨ।