ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 17 ਨਵੰਬਰ
ਯੂਟੀ ਵਿੱਚ ਭਾਵੇਂ ਪਿਛਲੇ ਦੋ ਦਿਨਾਂ ਤੋਂ ਹਵਾ ਪ੍ਰਦੂਸ਼ਣ ਘਟਿਆ ਹੈ ਪਰ ਵਿਦਿਆਰਥੀਆਂ ਦੀ ਸਿਹਤ ਦੇ ਮੱਦੇਨਜ਼ਰ ਚੰਡੀਗੜ੍ਹ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟ ਸੀਸੀਪੀਸੀਆਰ ਨੇ ਚੰਡੀਗੜ੍ਹ ਦੇ ਸਕੂਲਾਂ ਵਿੱਚ ਆਨਲਾਈਨ ਜਮਾਤਾਂ ਲਾਉਣ ਦੀ ਸਲਾਹ ਦਿੱਤੀ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਕੌਮੀ ਰਾਜਧਾਨੀ ਵਿੱਚ ਭਲਕੇ ਤੋਂ ਸਕੂਲਾਂ ਵਿਚ ਆਨਲਾਈਨ ਜਮਾਤਾਂ ਲਾਉਣ ਦੇ ਹੁਕਮ ਜਾਰੀ ਹੋ ਗਏ ਹਨ। ਬਾਲ ਕਮਿਸ਼ਨ ਨੇ ਕਿਹਾ ਹੈ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਹਵਾ ਪ੍ਰਦੂਸ਼ਣ ਲਈ ਜਾਗਰੂਕ ਕੀਤਾ ਜਾਵੇ ਤੇ ਇਸ ਸਬੰਧੀ ਰੋਜ਼ਾਨਾ ਲੈਕਚਰ ਵੀ ਦਿੱਤਾ ਜਾਵੇ। ਕਮਿਸ਼ਨ ਨੇ ਕਿਹਾ ਹੈ ਕਿ ਸਵੇਰ ਦੀ ਸਭਾ ਸਣੇ ਹੋਰ ਬਾਹਰ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਵੀ ਕੁਝ ਸਮੇਂ ਲਈ ਬੰਦ ਕੀਤੀਆਂ ਜਾਣ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਪਿਛਲੇ ਦੋ ਦਿਨਾਂ ਤੋਂ ਧੁੱਪ ਚੜ੍ਹ ਰਹੀ ਹੈ ਤੇ ਪ੍ਰਦੂਸ਼ਣ ਘਟ ਰਿਹਾ ਹੈ। ਬਾਲ ਕਮਿਸ਼ਨ ਦੀ ਚੇਅਰਪਰਸਨ ਸ਼ਿਪਰਾ ਬਾਂਸਲ ਨੇ ਪੱਤਰ ਵਿੱਚ ਕਿਹਾ ਹੈ ਕਿ ਕਈ ਵਿਦਿਆਰਥੀ ਸਾਹ ਤੇ ਅਸਥਮੇ ਤੋਂ ਪੀੜਤ ਹਨ ਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਐਲਰਜੀ ਤੋਂ ਪੀੜਤ ਹਨ ਜਿਸ ਕਰ ਕੇ ਉਨ੍ਹਾਂ ਸਣੇ ਸਾਰੇ ਵਿਦਿਆਰਥੀਆਂ ਲਈ ਹਦਾਇਤਾਂ ਜਾਰੀ ਕਰਨ ਦੀ ਸਲਾਹ ਦਿੱਤੀ ਗਈ ਹੈ ਯੂਟੀ ਦਾ ਸਿੱਖਿਆ ਵਿਭਾਗ ਪ੍ਰਦੂਸ਼ਣ ਦੇ ਮੱਦੇਨਜ਼ਰ ਹਾਈਬਰਿੱਡ ਆਨਲਾਈਨ ਜਮਾਤਾਂ ਲਾ ਸਕਦਾ ਹੈ। ਇਸ ਦੇ ਮੱਦੇਨਜ਼ਰ ਵਿਦਿਆਰਥੀ ਏ 95 ਤੇ ਏ 99 ਮਾਸਕ ਦੀ ਵਰਤੋਂ ਕਰਨ। ਸਕੂਲਾਂ ਵਿਚ ਕਿਹਾ ਜਾਵੇ ਕਿ ਉਹ ਵਿਦਿਆਰਥੀਆਂ ਨੂੰ ਬਾਹਰ ਜਾਣ ਵੇਲੇ ਇਨ੍ਹਾਂ ਮਾਸਕਾਂ ਦੀ ਵਰਤੋਂ ਲਈ ਜਾਗਰੂਕ ਕਰਨ।
ਕਾਰ ਪੂਲ ਕਰਨ ਤੇ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਨ ਲਈ ਪ੍ਰੇਰਿਆ
ਚੇਅਰਪਰਸਨ ਸ਼ਿਪਰਾ ਬਾਂਸਲ ਨੇ ਕਿਹਾ ਕਿ ਸਕੂਲ ਆਪਣੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਕਿ ਆਉਣ ਜਾਣ ਵੇਲੇ ਵੱਖਰੀਆਂ ਕਾਰਾਂ ਵਿੱਚ ਜਾਣ ਦੀ ਥਾਂ ਕਾਰ ਪੂਲ ਕੀਤੀ ਜਾਵੇ ਤੇ ਜਨਤਕ ਟਰਾਂਸਪੋਰਟ ਦੀ ਵਰਤੋਂ ਕੀਤੀ ਜਾਵੇ। ਵਿਦਿਆਰਥੀ ਆਪਣੇ ਘਰ ਜਾ ਕੇ ਆਪਣੇ ਮਾਪਿਆਂ ਨੂੰ ਵੀ ਕਹਿਣ ਕਿ ਉਹ ਜਨਤਕ ਟਰਾਂਸਪੋਰਟ ਨੂੰ ਤਰਜੀਹ ਦੇਣ ਕਿਉਂਕਿ ਸਾਰਿਆਂ ਦੇ ਯਤਨਾਂ ਸਦਕਾ ਹੀ ਪ੍ਰਦੂਸ਼ਣ ਨੂੰ ਘਟਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਦੀਆਂ ਬਾਹਰੀ ਗਤੀਵਿਧੀਆਂ ਨੂੰ ਅਗਲੇ ਹੁਕਮਾਂ ਤਕ ਰੋਕਿਆ ਜਾਵੇ। ਸਕੂਲਾਂ ਤੇ ਘਰਾਂ ਵਿੱਚ ਸਵੇਰ ਤੇ ਰਾਤ ਵੇਲੇ ਦਰਵਾਜ਼ੇ ਬੰਦ ਰੱਖੇ ਜਾਣ ਤਾਂ ਕਿ ਗੰਧਲੀ ਹਵਾ ਘਰ ਤੇ ਸਕੂਲ ਵਿੱਚ ਦਾਖ਼ਲ ਨਾ ਹੋਵੇ। ਇਹ ਵੀ ਕਿਹਾ ਜਾਵੇ ਕਿ ਇਸ ਮੌਸਮ ਵਿਚ ਗੁੜ ਦੀ ਵਰਤੋਂ ਵੀ ਕੀਤੀ ਜਾਵੇ ਤੇ ਪ੍ਰਦੂਸ਼ਿਤ ਥਾਵਾਂ ’ਤੇ ਜਾਣ ਤੋਂ ਬਚਿਆ ਜਾਵੇ। ਇਸ ਤੋਂ ਇਲਾਵਾ ਪਟਾਕੇ ਨਾ ਚਲਾਏ ਜਾਣ, ਇਸ ਬਾਰੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾਵੇ।