ਰਾਮ ਸਰਨ ਸੂੁਦ
ਅਮਲੋਹ, 5 ਜੂਨ
ਪਿੰਡ ਕਲਾਲਮਾਜਰੇ ਦੇ ਦਲਿਤ ਭਾਈਚਾਰੇ ਨਾਲ ਸਬੰਧਤ 15 ਸਾਲ ਪੰਚ ਰਹੇ ਨਾਜਰ ਸਿੰਘ ਨੂੰ ਕੱਲ ਸ਼ਾਮ ਅਮਲੋਹ ਪੁਲੀਸ ਵਲੋਂ ਹਿਰਾਸਤ ਵਿਚ ਲੈਣ ਖਿਲਾਫ਼ ਦੇਰ ਰਾਤ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਹਲਕੇ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਹੇਠ ਧਰਨਾ ਦਿੱਤਾ ਅਤੇ ਪੁਲੀਸ ਵੱਲੋਂ ਉਸਨੂੰ ਰਿਹਾਅ ਕਰਨ ਉਪਰੰਤ ਹੀ ਧਰਨਾ ਖਤਮ ਕੀਤਾ ਗਿਆ। ਇਸ ਮੌਕੇ ਰਾਜੂ ਖੰਨਾ ਨੇ ਕਿਹਾ ਕਿ ਪੁਲੀਸ ਆਪਣੀ ਡਿਊਟੀ ਨਿਭਾਉਣ ਦੀ ਥਾਂ ਕਾਂਗਰਸ ਦੀ ਕਥਿਤ ਸ਼ਹਿ ’ਤੇ ਅਕਾਲੀ ਦਲ ਦੇ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਾਜਰ ਸਿੰਘ ਕਲਾਲਮਾਜਰਾ ਨੂੰ ਕਥਿਤ ਗਲਤ ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਨੇ ਹਿਰਾਸਤ ਵਿਚ ਲਿਆ ਗਿਆ।
ਇਸ ਸਬੰਧੀ ਥਾਣਾ ਮੁਖੀ ਰਾਜ ਕੁਮਾਰ ਨੇ ਕਿਹਾ ਕਿ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਗਰੇਵਾਲ ਨੇ 112 ਨੰਬਰ ਉਪਰ ਉੱਚ ਅਧਿਕਾਰੀਆਂ ਪਾਸ ਇਸ ਵਿਅਕਤੀ ਖਿਲਾਫ਼ ਸ਼ਿਕਾਇਤ ਕੀਤੀ ਸੀ ਕਿ ਉਹ ਪੰਚਾਇਤੀ ਕੰਮਾਂ ਵਿਚ ਕਥਿਤ ਗਲਤ ਦਖਲਅੰਦਾਜ਼ੀ ਕਰ ਰਿਹਾ ਹੈ, ਜਿਸਦੇ ਆਧਾਰ ’ਤੇ ਉਸਨੂੰ ਥਾਣੇ ਬੁਲਾਇਆ ਗਿਆ ਸੀ।