ਪੰਚਾਇਤੀ ਰਾਜ ਵਿਭਾਗ ਦੇ ਪੈਨਸ਼ਨਰਾਂ ਨੇ ਸਮੇਂ ਸਿਰ ਪੈਨਸ਼ਨਾਂ ਅਤੇ ਹੋਰ ਲਾਭ ਨਾ ਦੇਣ ਦਾ ਦੋਸ਼ ਲਾਇਆ
ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ. ਨਗਰ (ਮੁਹਾਲੀ), 16 ਸਤੰਬਰ
ਪੰਚਾਇਤੀ ਰਾਜ ਪੈਨਸ਼ਨਰਜ਼ ਯੂਨੀਅਨ ਨੇ ਅੱਜ ਪੰਚਾਇਤ ਵਿਭਾਗ ਦੇ ਫੇਜ਼ ਅੱਠ ਸਥਿਤ ਮੁੱਖ ਦਫ਼ਤਰ ਵਿਕਾਸ ਭਵਨ ਵਿੱਚ ਧਰਨਾ ਦੇ ਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਹੈ। ਧਰਨੇ ਵਿੱਚ ਪੰਚਾਇਤੀ ਰਾਜ ਵਿਭਾਗ ਤੋਂ ਸੇਵਾਮੁਕਤ ਹੋਏ ਕਰਮਚਾਰੀ ਸ਼ਾਮਲ ਹੋਏ, ਜਿਨ੍ਹਾਂ ਨੇ ਪੰਜਾਬ ਸਰਕਾਰ ਤੇ ਪੰਚਾਇਤ ਮੰਤਰੀ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ।
ਸੂਬਾਈ ਮੀਤ ਪ੍ਰਧਾਨ ਕੁਲਵੰਤ ਕੌਰ ਬਾਠ, ਜਨਰਲ ਸਕੱਤਰ ਗੁਰਮੀਤ ਸਿੰਘ ਭਾਂਖਰਪੁਰ, ਜਾਗੀਰ ਸਿੰਘ ਢਿਲੋਂ, ਅਜਮੇਰ ਕੌਰ, ਬਲਵਿੰਦਰ ਸਿੰਘ, ਨਰਿੰਦਰ ਸਿੰਘ, ਮਾਨ ਸਿੰਘ, ਹਰਭਜਨ ਸਿੰਘ, ਭਗਵਾਨ ਸਿੰਘ ਆਦਿ ਨੇ ਪੰਚਾਇਤ ਵਿਭਾਗ ਉੱਤੇ ਕਈ-ਕਈ ਮਹੀਨੇ ਪੈਨਸ਼ਨ ਨਾ ਭੇਜਣ ਦਾ ਦੋਸ਼ ਲਾਇਆ। ਉਨ੍ਹਾਂ ਮੰਗ ਕੀਤੀ ਕਿ ਪੈਨਸ਼ਨਰਾਂ ਦੀ ਪੈਨਸ਼ਨ ਖਜ਼ਾਨਾ ਵਿਭਾਗ ਰਾਹੀਂ ਹਰ ਮਹੀਨੇ ਦੀ ਪਹਿਲੀ ਤਾਰੀਕ ਨੂੰ ਖਾਤਿਆਂ ਵਿੱਚ ਪਾਈ ਜਾਵੇ।
ਉਨ੍ਹਾਂ ਪੈਨਸ਼ਨ ਲਾਉਣ ਲਈ ਸਮਾਂ ਸੀਮਾ ਤੈਅ ਕਰਨ, 75 ਸਾਲਾ ਪੈਨਸ਼ਨਰਾਂ ਨੂੰ ਬੁਢਾਪਾ ਭੱਤਾ ਦੇਣ, ਹੋਰਨਾਂ ਵਿਭਾਗਾਂ ਦੇ ਪੈਨਸ਼ਨਰਾਂ ਵਾਂਗ ਐੱਲਟੀਸੀ ਸਹੂਲਤ ਮੁਹੱਈਆ ਕਰਾਉਣ, ਪੇ ਗਰੇਡ ਤੇ ਡੀਏ ਦੇ ਬਕਾਏ ਜਾਰੀ ਕਰਨ ਦੀ ਮੰਗ ਕੀਤੀ। ਪੈਨਸ਼ਨਰਾਂ ਨੇ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀਆਂ ਹੱਕੀ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਵਿਧਾਨ ਸਭਾ ਚੋਣਾਂ ’ਚ ਹੁਕਮਰਾਨ ਧਿਰ ਦਾ ਡਟਕੇ ਵਿਰੋਧ ਕੀਤਾ ਜਾਵੇਗਾ।
ਕੈਪਸ਼ਨ: ਮੁਹਾਲੀ ਦੇ ਵਿਕਾਸ ਭਵਨ ਵਿੱਚ ਧਰਨਾ ਦਿੰਦੇ ਹੋਏ ਪੈਨਸ਼ਨਰ।