ਹਰਜੀਤ ਸਿੰਘ
ਡੇਰਾਬੱਸੀ, 5 ਅਗਸਤ
ਹਲਕਾ ਵਿਧਾਇਕ ਐੱਨਕੇ ਸ਼ਰਮਾ ਨੇ ਨੇੜਲੇ ਪਿੰਡ ਦੰਦਰਾਲਾ ਵਿੱਚ ਮਿੱਟੀ ਦੀ ਨਾਜਾਇਜ਼ ਮਾਈਨਿੰਗ ਹੋਣ ਦੇ ਦੋਸ਼ ਲਾਉਂਦਿਆਂ ਮੌਕੇ ’ਤੇ ਪੁਲੀਸ ਸੱਦ ਕੇ ਉੱਥੇ ਖੜ੍ਹੀ ਇਕ ਪੋਕਲੇਨ ਮਸ਼ੀਨ ਪੁਲੀਸ ਦੇ ਹਵਾਲੇ ਕੀਤੀ। ਇਸ ਦੌਰਾਨ ਸ੍ਰੀ ਸ਼ਰਮਾ ਨੇ ਦੋਸ਼ ਲਾਇਆ ਕਿ ਕੌਂਸਲ ਪ੍ਰਧਾਨ ਰਣਜੀਤ ਸਿੰਘ ਰੈੱਡੀ, ਵਾਰਡ ਕੌਂਸਲਰ ਤੇ ਕੌਂਸਲ ਅਧਿਕਾਰੀ ਉਕਤ ਪਿੰਡ ਦੀ 12 ਕਿੱਲੇ ਸ਼ਾਮਲਾਟ ਜ਼ਮੀਨ ’ਚ ਮਿੱਟੀ ਦੀ ਨਾਜਾਇਜ਼ ਮਾਈਨਿੰਗ ਕਰਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਜ਼ਮੀਨ ਮਰਹੂਮ ਅਕਾਲੀ ਆਗੂ ਕੈਪਟਨ ਕੰਵਲਜੀਤ ਸਿੰਘ ਵੱਲੋਂ ਪਿੰਡ ਦੇ ਗਰੀਬ ਲੋਕਾਂ ਨੂੰ ਰੂੜੀ ਦੇ ਪਲਾਟ ਵਜੋਂ ਅਲਾਟ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਬੀਤੇ ਤਿੰਨ ਦਿਨਾਂ ਤੋਂ ਪਿੰਡ ਦੀ ਸ਼ਾਮਲਾਟ ਜ਼ਮੀਨ ’ਚ ਧੱੜਲੇ ਨਾਲ ਖਣਨ ਜਾਰੀ ਹੈ ਤੇ ਰੋਜ਼ਾਨਾ ਦਰਜਨਾਂ ਟਿੱਪਰ ਲੱਖਾਂ ਰੁਪਏ ਦੀ ਮਿੱਟੀ ਭਰ ਕੇ ਲਿਜਾ ਰਹੇ ਹਨ। ਪਿੰਡ ਵਾਲਿਆਂ ਨੇ ਅੱਜ ਜਦੋਂ ਖਣਨ ਕਰਨ ਵਾਲਿਆਂ ਨੂੰ ਰੋਕਿਆਂ ਤਾਂ ਜੇਸੀਬੀ ਅਰਪਰੇਟਰ ਅਤੇ ਟਰੈਕਟਰ ਚਾਲਕ ਵਾਹਨ ਛੱਡ ਕੇ ਭੱਜ ਗਏ। ਸ੍ਰੀ ਸ਼ਰਮਾ ਨੇ ਦੋਸ਼ ਲਾਇਆ ਕਿ ਜੇਸੀਬੀ ਮਸ਼ੀਨ ਅਤੇ ਟਰੈਕਟਰ ਟਰਾਲੀਆਂ ਫੜੇ ਜਾਣ ਦੇ ਬਾਵਜੂਦ ਐੱਸਡੀਐੱਮ ਤੇ ਪੁਲੀਸ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਮੌਕੇ ’ਤੇ ਪਹੁੰਚੇ ਏਐੱਸਆਈ ਅਸ਼ੋਕ ਕੁਮਾਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਕੌਂਸਲ ਪ੍ਰਧਾਨ ਨੇ ਦੋਸ਼ ਨਕਾਰੇ
ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਰੈੱਡੀ ਨੇ ਕਿਹਾ ਕਿ ਮਾਮਲਾ ਧਿਆਨ ਵਿੱਚ ਆਉਣ ਮਗਰੋਂ ਉਨ੍ਹਾਂ ਨੇ ਮਾਮਲੇ ਬਾਰੇ ਜਾਣਕਾਰੀ ਹਾਸਲ ਕੀਤੀ ਸੀ। ਇਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕੁਝ ਲੋਕਾਂ ਵੱਲੋਂ ਜ਼ਮੀਨ ਪੱਧਰੀ ਕੀਤਾ ਜਾ ਰਹੀ ਸੀ।