ਹਰਜੀਤ ਸਿੰਘ
ਡੇਰਾਬੱਸੀ, 7 ਮਾਰਚ
ਇੱਥੋਂ ਦੇ ਸਰਕਾਰੀ ਕਾਲਜ ਵਿੱਚ ਵਿਦਿਆਰਥੀਆਂ ਕੋਲੋਂ ਵਸੂਲੇ ਜੁਰਮਾਨੇ ਦੇ ਲੱਖਾਂ ਰੁਪਏ ਵਿੱਚ ਹੇਰਾਫੇਰੀ ਹੋਣ ਦੇ ਦੋਸ਼ ਲੱਗੇ ਹਨ। ਇਸ ਮਾਮਲੇ ਵਿੱਚ ਕਾਲਜ ਦੇ ਕੁਝ ਵਿਦਿਆਰਥੀਆਂ ਵੱਲੋਂ ਸਿੱਖਿਆ ਵਿਭਾਗ ਨੂੰ ਸ਼ਿਕਾਇਤ ਕੀਤੀ ਗਈ ਹੈ ਜਿਸ ਆਧਾਰ ’ਤੇ ਵਿਭਾਗ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ਿਕਾਇਤ ਵਿੱਚ ਵਿਦਿਆਰਥੀਆਂ ਨੇ ਜੁਰਮਾਨਾ ਰਾਸ਼ੀ ’ਚ ਘਪਲੇ ਤੋਂ ਇਲਾਵਾ ਹੋਰ ਗੰਭੀਰ ਦੋਸ਼ ਲਗਾਏ ਹਨ। ਸ਼ਿਕਾਇਤਕਰਤਾ ਵਿਦਿਆਰਥੀਆਂ ਨੇ ਦਾਅਵਾ ਕੀਤਾ ਕਿ ਜੇਕਰ ਕਾਲਜ ਦੇ ਪੀਟੀਏ ਫੰਡ, ਓਐੱਸਏ ਫੰਡ ਅਤੇ ਐੱਚਈਆਈਐੱਸ ਫੰਡ, ਸਾਮਾਨ ਦੀ ਖ਼ਰੀਦ-ਫਰੋਖਤ ਸਣੇ ਹੋਰ ਕਮਾਂ ਅਤੇ ਹੋਏ ਖਰਚ ਦਾ ਵਿਸ਼ੇਸ਼ ਆਡਿਟ ਅਤੇ ਵਿਜੀਲੈਂਸ ਤੋਂ ਜਾਂਚ ਕਰਵਾਈ ਜਾਂਦੀ ਹੈ ਤਾਂ ਹੋਰ ਕਈ ਵੱਡੇ ਘਪਲੇ ਸਾਹਮਣੇ ਆ ਸਕਦੇ ਹਨ।
ਵਿਦਿਆਰਥੀਆਂ ਨੇ ਦੋਸ਼ ਲਗਾਇਆ ਕਿ ਸਾਲ 2017- 2018 ਵਿੱਚ ਜਦੋਂ ਉਹ ਵੱਖ ਵੱਖ ਕਲਾਸਾਂ ਦੀ ਪੜ੍ਹਾਈ ਕਰ ਰਹੇ ਸਨ ਤਾਂ ਪ੍ਰੀਖਿਆ ਸਮੇਂ ਰੋਲ ਨੰਬਰ ਦੇਣ ਤੋਂ ਪਹਿਲਾਂ ਕਾਲਜ ਸਟਾਫ਼ ਉਨ੍ਹਾਂ ਕੋਲੋਂ ਗੈਰ-ਹਾਜ਼ਰ ਰਹਿਣ ਦੇ ਨਾਂ ’ਤੇ ਮੋਟਾ ਜੁਰਮਾਨਾ ਵਸੂਲ ਕੇ ਪੇਪਰਾਂ ਵਿੱਚ ਬੈਠਣ ਦਿੰਦਾ ਸੀ। ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਇਕ ਸਮੈਸਟਰ ਦਾ ਕਰੀਬ 1500 ਰੁਪਏ ਜੁਰਮਾਨਾ ਵਸੂਲ ਕੇ ਕੋਈ ਰਸੀਦ ਨਹੀਂ ਦਿੱਤੀ ਗਈ। ਕਾਲਜ ਸਟਾਫ਼ ਕਰੀਬ ਤਿੰਨ ਸਾਲ ਤੱਕ ਇਹ ਵਸੂਲੀ ਕਰਦਾ ਰਿਹਾ ਤੇ ਇਹ ਰਕਮ ਕਰੀਬ 15 ਤੋਂ 20 ਲੱਖ ਰੁਪਏ ਬਣਦੀ ਹੈ। ਇਸ ਦਾ ਖੁਲਾਸਾ ਉਦੋਂ ਹੋਇਆ ਜਦੋ ਨਵੇਂ ਸਟਾਫ਼ ਨੂੰ ਪੁਰਾਣਾ ਹਿਸਾਬ ਸੌਂਪਿਆ ਗਿਆ। ਇਸ ਦੌਰਾਨ ਵਿਦਿਆਰਥੀਆਂ ਕੋਲੋਂ ਵਸੂਲੇ ਲੱਖਾਂ ਰੁਪਏ ਕਿਸੇ ਖਾਤੇ ਵਿੱਚ ਜਮ੍ਹਾਂ ਨਾ ਹੋਣ ਦੀ ਗੱਲ ਸਾਹਮਣੇ ਆਈ। ਇਹ ਮਾਮਲਾ ਸਾਲ 2020 ਤੋਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਹੁਣ ਜਾ ਕੇ ਬਾਹਰ ਆਇਆ ਹੈ। ਮਾਮਲੇ ਦੀ ਲਿਖਤੀ ਸ਼ਿਕਾਇਤ ਸਿੱਖਿਆ ਵਿਭਾਗ ਦੇ ਸਕੱਤਰ ਨੂੰ ਕਰਦੇ ਹੋਏ ਵਿਦਿਆਰਥੀਆਂ ਨੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਮੌਕੇ ਤੇ ਮੌਜੂਦ ਵਿਦਿਆਰਥੀਆਂ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਜਾਂਚ ਕਰਨ ਲਈ ਅੱਜ ਇਕ ਅਧਿਕਾਰੀ ਨੇ ਕਾਲਜ ਵਿੱਚ ਆ ਕੇ ਬਿਆਨ ਕਲਮਬੱਧ ਕਰਨੇ ਸਨ ਪਰ ਬਾਅਦ ਦੁਪਹਿਰ 2 ਵਜੇ ਤੱਕ ਅਧਿਕਾਰੀ ਨਹੀਂ ਸੀ ਆਇਆ।
ਕੀ ਕਹਿੰਦੇ ਨੇ ਅਧਿਕਾਰੀ
ਮਾਮਲੇ ਦੇ ਜਾਂਚ ਅਧਿਕਾਰੀ ਸਰਕਾਰੀ ਕਾਲਜ ਰੋਪੜ ਦੇ ਪ੍ਰੋਫ਼ੈਸਰ ਜਤਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਸਕੱਤਰ ਵੱਲੋਂ ਉਨ੍ਹਾਂ ਨੂੰ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਨੇ ਅੱਜ ਵਿਦਿਆਰਥੀਆਂ ਦੇ ਬਿਆਨ ਲੈਣ ਲਈ ਜਾਣਾ ਸੀ ਪਰ ਉਨ੍ਹਾਂ ਦੀ ਡਿਊਟੀ ਕਿਸੇ ਹੋਰ ਥਾਂ ਲੱਗਣ ਕਰ ਕੇ ਉਹ ਡੇਰਾਬੱਸੀ ਕਾਲਜ ਵਿੱਚ ਨਹੀਂ ਪਹੁੰਚ ਸਕੇ। ਕਾਲਜ ਦੀ ਮੌਜੂਦਾ ਪ੍ਰਿੰਸੀਪਲ ਡਾ. ਅਮਨਦੀਪ ਕੌਰ ਨੇ ਕਿਹਾ ਕਿ ਇਹ ਘਪਲਾ ਉਨ੍ਹਾਂ ਦੇ ਸਮੇਂ ਨਹੀਂ ਹੋਇਆ। ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਉਣ ’ਤੇ ਉਨ੍ਹਾਂ ਨੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਸੀ। ਉਨ੍ਹਾਂ ਕਿਹਾ ਕਿ ਕਾਲਜ ਦੇ ਰਿਕਾਰਡ ਵਿੱਚ ਬੱਚਿਆਂ ਤੋਂ ਵਸੂਲੇ ਜੁਰਮਾਨੇ ਦਾ ਕੋਈ ਹਿਸਾਬ ਨਹੀਂ ਹੈ ਜੋ ਕਿ ਕਾਫੀ ਗੰਭੀਰ ਮਾਮਲਾ ਹੈ। ਉੱਧਰ, ਕਾਲਜ ਦੀ ਸਾਬਕਾ ਪ੍ਰਿੰਸੀਪਲ ਸਾਧਨਾ ਸੰਗਰ ਨਾਲ ਗੱਲ ਕਰਨ ’ਤੇ ਉਨ੍ਹਾਂ ਉਕਤ ਮਾਮਲੇ ਬਾਰੇ ਕੋਈ ਜਾਣਕਾਰੀ ਨਾ ਹੋਣ ਦਾ ਦਾਅਵਾ ਕੀਤਾ।