ਮੁਕੇਸ਼ ਕੁਮਾਰ
ਚੰਡੀਗੜ੍ਹ, 29 ਅਪਰੈਲ
ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਧਰਮ ਪਾਲ ਨੇ ਇਥੋਂ ਦੇ ਸਨਅਤੀ ਖੇਤਰ ਫੇਜ਼-1 ਦੇ ਨਾਲ ਲੱਗਦੀ ਕਲੋਨੀ ਨੰਬਰ ਚਾਰ ਦੇ ਬਾਸ਼ਿੰਦਿਆਂ ਨੂੰ ਲੋੜੀਂਦੇ ਕਾਗਜ਼ ਪੂਰੇ ਹੋਣ ਮਗਰੋਂ ਮਕਾਨ ਅਲਾਟ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਮਗਰੋਂ ਪ੍ਰਸ਼ਾਸਨ ਵੱਲੋਂ ਇਥੇ ਚਾਰ ਨੰਬਰ ਕਲੋਨੀ ਵਾਸੀਆਂ ਨੂੰ ਮੁੜ ਵਸੇਬੇ ਤਹਿਤ ਮਲੋਆ ਵਿੱਚ 545 ਮਕਾਨ ਅਲਾਟ ਕਰ ਦਿੱਤੇ ਗਏ ਸਨ। ਹਾਲਾਂਕਿ ਕਈ ਕਲੋਨੀ ਵਾਸੀ ਆਪਣੇ ਕਾਗਜ਼ਾਂ ਵਿੱਚ ਤਕਨੀਕੀ ਨੁਕਸ ਕਾਰਨ ਮਕਾਨ ਅਲਾਟ ਨਹੀਂ ਕਰਵਾ ਸਕੇ। ਦੂਜੇ ਪਾਸੇ ਪ੍ਰਸ਼ਾਸਨ ਨੇ ਇਸ ਕਲੋਨੀ ਦੇ ਵਾਸੀਆਂ ਨੂੰ ਮਕਾਨ ਅਲਾਟ ਕਰਨ ਮਗਰੋਂ ਇਥੇ ਬਣੀਆਂ ਝੁੱਗੀਆਂ ਤੋੜਨ ਦੇ ਐਲਾਨ ਕੀਤਾ ਹੈ, ਜਿਸ ਸਬੰਧੀ ਬਕਾਇਦਾ ਮੁਨਿਆਦੀ ਵੀ ਕਰਵਾਈ ਗਈ ਸੀ। ਪ੍ਰਸ਼ਾਸਨ ਦੇ ਇਸ ਐਲਾਨ ਮਗਰੋਂ ਇਥੇ ਵੱਸੇ ਲਗਪਗ ਸਾਢੇ ਪੰਜ ਸੌ ਪਰਿਵਾਰਾਂ ਨੂੰ ਬੇਘਰ ਹੋਣ ਦਾ ਡਰ ਸਤਾ ਰਿਹਾ ਸੀ ਪਰ ਪ੍ਰਸ਼ਾਸਨ ਨੇ ਇਨ੍ਹਾਂ ਦੀ ਮੁਸ਼ਕਲਾਂ ਨੂੰ ਦੇਖਦਿਆਂ ਪਾਤਰ ਕਲੋਨੀ ਵਾਸੀਆਂ ਨੂੰ ਵੀ ਮਕਾਨ ਅਲਾਟ ਕਰਨ ਦਾ ਫ਼ੈਸਲਾ ਕੀਤਾ ਹੈ। ਸਲਾਹਕਾਰ ਦੇ ਆਦੇਸ਼ਾਂ ਦਾ ਪਾਲਣ ਕਰਦਿਆਂ ਅੱਜ ਇਥੇ ਸਨਅਤੀ ਖੇਤਰ ਸਥਿਤ ਐੱਸਡੀਐੱਮ ਦਫ਼ਤਰ ਵਿੱਚ ਮਕਾਨ ਅਲਾਟ ਕਰਨ ਦੀ ਪ੍ਰੀਕਿਰਿਆ ਪੂਰੀ ਕੀਤੀ ਗਈ। ਇਥੇ ਲਗਾਏ ਗਏ ਵਿਸ਼ੇਸ਼ ਕੈਂਪ ਦੌਰਾਨ ਕਾਗਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਇਸ ਦੌਰਾਨ ਕੁਲ 545 ਪਾਤਰ ਲੋਕਾਂ ਨੂੰ ਮਕਾਨ ਅਲਾਟ ਕੀਤੇ ਗਏ। ਸਾਬਕਾ ਕੌਂਸਲਰ ਅਨਿਲ ਕੁਮਾਰ ਦੂਬੇ ਨੇ ਦੱਸਿਆ ਕਿ ਕਲੋਨੀ ਵਾਸੀਆਂ ਦੀ ਇਸ ਸਮੱਸਿਆ ਸਬੰਧੀ ਚੰਡੀਗੜ੍ਹ ਭਾਜਪਾ ਦੇ ਸਾਬਕਾ ਪ੍ਰਧਾਨ ਸੰਜੈ ਟੰਡਨ ਦੀ ਅਗਵਾਈ ਹੇਠ ਇੱਕ ਵਫ਼ਦ ਪ੍ਰਸ਼ਾਸਕ ਦੇ ਸਲਾਹਕਾਰ ਧਰਮ ਪਾਲ ਨੂੰ ਮਿਲਿਆ ਸੀ। ਇਸ ਤੋਂ ਬਾਅਦ ਸਬੰਧਤ ਅਧਿਕਾਰੀਆਂ ਨੇ ਕਾਲੋਨੀ ਵਾਸੀਆਂ ਨੂੰ ਮਕਾਨ ਦੇਣ ਦੇ ਨਿਰਦੇਸ਼ ਦਿੱਤੇ ਸਨ।
ਈ-ਆਵਾਸ ਪੁਲੀਸ ਹਾਊਸ ਅਲਾਟਮੈਂਟ ਸਿਸਟਮ ਲਾਂਚ
ਚੰਡੀਗੜ੍ਹ ਪੁਲੀਸ ਦੇ ਮੁਲਾਜ਼ਮਾਂ ਨੂੰ ਮਕਾਨਾਂ ਦੀ ਅਲਾਟਮੈਂਟ ਕਰਨ ਲਈ ਅੱਜ ਇਥੇ ਚੰਡੀਗੜ੍ਹ ਦੇ ਡੀਜੀਪੀ ਪ੍ਰਵੀਰ ਰੰਜਨ ਨੇ ਆਨਲਾਈਨ ਸਾਫਟਵੇਅਰ ‘ਈ-ਆਵਾਸ ਚੰਡੀਗੜ੍ਹ ਪੁਲੀਸ ਹਾਊਸ ਅਲਾਟਮੈਂਟ ਸਿਸਟਮ’ ਦਾ ਉਦਘਾਟਨ ਕੀਤਾ। ਚੰਡੀਗੜ੍ਹ ਪੁਲੀਸ ਕੋਲ ਕਰਮਚਾਰੀਆਂ ਨੂੰ ਅਲਾਟ ਕਰਨ ਲਈ ਕੁੱਲ 2528 ਮਕਾਨ ਉਪਲਬਧ ਹਨ ਅਤੇ ਸੀਨੀਆਰਤਾ ਅਨੁਸਾਰ ਅਲਾਟਮੈਂਟ ਲਈ ਆਨਲਾਈਨ ਸਿਸਟਮ ਲਾਂਚ ਕੀਤਾ ਗਿਆ ਹੈ। ਇਸ ਸਾਫਟਵੇਅਰ ’ਤੇ ਮਕਾਨ ਦੀ ਅਲਾਟਮੈਂਟ ਸਬੰਧੀ ਹਰ ਜਾਣਕਾਰੀ ਉਪਲਬਧ ਹੋਵੇਗੀ ਜਿਸ ਵਿੱਚ ਸੀਨੀਆਰਤਾ, ਮਕਾਨਾਂ ਦੀ ਅਲਾਟਮੈਂਟ, ਖਾਲੀ ਮਕਾਨਾਂ ਦੀ ਸੂਚੀ ਅਤੇ ਸੈਕਟਰ ਵਾਈਜ਼ ਕੁੱਲ ਮਕਾਨਾਂ ਦੀ ਗਿਣਤੀ ਤੁਰੰਤ ਮਿਲ ਸਕੇਗੀ। ਇਸੇ ਦੌਰਾਨ ਪੁਲੀਸ ਹੈੱਡਕੁਆਰਟਰ ਬਿਲਡਿੰਗ ਦੀ ਜਨਰਲ ਕੰਟੀਨ ਨੂੰ ਅਪਗ੍ਰੇਡ ਕਰਨ ਤੋਂ ਬਾਅਦ ਡੀਜੀਪੀ ਪ੍ਰਵੀਰ ਰੰਜਨ ਵਲੋਂ ਉਦਘਾਟਨ ਕੀਤਾ ਗਿਆ।