ਮੁਕੇਸ਼ ਕੁਮਾਰ
ਚੰਡੀਗੜ੍ਹ, 7 ਸਤੰਬਰ
ਚੰਡੀਗੜ੍ਹ ਹਾਊਸਿੰਗ ਬੋਰਡ ਦੇ ਬੋਰਡ ਆਫ ਡਾਇਰੈਕਟਰਜ਼ ਦੀ ਭਲਕੇ 8 ਸਤੰਬਰ ਨੂੰ ਸੱਦੀ ਗਈ ਮੀਟਿੰਗ ਵਿੱਚ ਪੇਸ਼ ਕੀਤੇ ਜਾਣ ਵਾਲਿਆਂ ਮੁੱਦਿਆਂ ਵਿੱਚ ਬੋਰਡ ਦੇ ਅਲਾਟੀਆਂ ਵੱਲੋਂ ਆਪਣੇ ਮਕਾਨਾਂ ਵਿੱਚ ਲੋੜ ਅਨੁਸਾਰ ਕੀਤੀਆਂ ਵਾਧੂ ਉਸਾਰੀਆਂ ਤੇ ਹੋਰ ਤਬਦੀਲੀਆਂ ਨੂੰ ਦਿੱਲੀ ਕਮੇਟੀ ਦੀ ਤਰਜ਼ ‘ਤੇ ਰੈਗੂਲਰ ਕਰਨ ਸਬੰਧੀ ਮਤਾ ਵੀ ਪੇਸ਼ ਕੀਤਾ ਜਾ ਰਿਹਾ ਹੈ। ਆਪਣੇ ਮਕਾਨਾਂ ਵਿੱਚ ਕੀਤੀਆਂ ਗਈਆਂ ਵਾਧੂ ਉਸਾਰੀਆਂ ਨੂੰ ਰੈਗੂਲਰ ਕਰਵਾਉਣ ਲਈ ਲਗਪਗ 60 ਅਲਾਟੀਆਂ ਲਈ ਇਹ ਮੀਟਿੰਗ ਖਾਸ ਮਹੱਤਵ ਰੱਖਦੀ ਹੈ। ਮੀਟਿੰਗ ਨੂੰ ਲੈ ਕੇ ਬੋਰਡ ਦੀ ਸੀਈਓ ਯਸ਼ਪਾਲ ਗਰਗ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਬੋਰਡ ਦੇ ਫਲੈਟਾਂ ਵਿੱਚ ਕੀਤੀਆਂ ਗਈਆਂ ਉਸਾਰੀਆਂ ਦੇ ਹੱਲ ਲਈ ਮਤਾ ਰਖਿਆ ਜਾ ਰਿਹਾ ਹੈ ਅਤੇ ਬੋਰਡ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਇਸ ਅੱਗੇ ਦੀ ਯੋਜਨਾ ਤੈਅ ਕੀਤੀ ਜਾਵੇਗੀ। ਚੰਡੀਗੜ੍ਹ ਹਾਊਸਿੰਗ ਬੋਰਡ ਰੈਜ਼ੀਡੈਂਟਸ ਵੈੱਲਫੇਅਰ ਫੈੱਡਰੈਸ਼ਨ ਦੇ ਚੇਅਰਮੈਨ ਪ੍ਰੋਫੈਸਰ ਨਿਰਮਲ ਦੱਤ ਦਾ ਕਹਿਣਾ ਹੈ ਕਿ ਬੋਰਡ ਦੇ ਅਲਾਟੀਆਂ ਵੱਲੋਂ ਕੀਤੀਆਂ ਗਈਆਂ ਲੋੜ ਅਨੁਸਾਰ ਉਸਾਰੀਆਂ ਨੂੰ ਰੈਗੂਲਰ ਕਰਨ ਲਈ ‘ਦਿੱਲੀ ਕਮੇਟੀ’ ਇੱਕ ਹੀ ਹੱਲ ਹੈ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਦੀ ਤਰਜ਼ ’ਤੇ ਚੰਡੀਗੜ੍ਹ ਵਿੱਚ ਵੀ ਬੋਰਡ ਦੇ ਅਲਾਟੀਆਂ ਨੂੰ ਮਕਾਨਾਂ ਵਿੱਚ ਕੀਤੀਆਂ ਗਈਆਂ ਉਸਾਰੀਆਂ ਨੂੰ ਰੈਗੂਲਰ ਕਰ ਕੇ ਰਾਹਤ ਦਿੱਤੀ ਜਾਵੇ। ਅਲਾਟੀਆਂ ਦੀ ਜਥੇਬੰਦੀ ‘ਮਕਾਨ ਬਚਾਓ ਸਮਿਤੀ’ ਦਾ ਵਫ਼ਦ ਸਮਿਤੀ ਦੇ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਦੀ ਅਗਵਾਈ ਹੇਠ ਸੰਸਦ ਮੈਂਬਰ ਕਿਰਨ ਖੇਰ ਦੇ ਦਫਤਰ ਪੁੱਜਿਆ ਅਤੇ ਸ੍ਰੀਮਤੀ ਕਿਰਨ ਖੇਰ ਦੀ ਗੈਰਹਾਜ਼ਰੀ ਵਿੱਚ ਚੰਡੀਗੜ੍ਹ ਯੁਵਾ ਭਾਜਪਾ ਦੇ ਮੀਤ ਪ੍ਰਧਾਨ ਵਰਿੰਦਰ ਰਾਣਾ ਨੂੰ ਮੰਗ ਪੱਤਰ ਸੌਂਪਿਆ।