ਹਾਊਸਿੰਗ ਬੋਰਡ ਦੀ ਮੀਟਿੰਗ ’ਤੇ ਹਜ਼ਾਰਾਂ ਅਲਾਟੀਆਂ ਦੀਆਂ ਨਜ਼ਰ
ਮੁਕੇਸ਼ ਕੁਮਾਰ
ਚੰਡੀਗੜ੍ਹ, 7 ਸਤੰਬਰ
ਚੰਡੀਗੜ੍ਹ ਹਾਊਸਿੰਗ ਬੋਰਡ ਦੇ ਬੋਰਡ ਆਫ ਡਾਇਰੈਕਟਰਜ਼ ਦੀ ਭਲਕੇ 8 ਸਤੰਬਰ ਨੂੰ ਸੱਦੀ ਗਈ ਮੀਟਿੰਗ ਵਿੱਚ ਪੇਸ਼ ਕੀਤੇ ਜਾਣ ਵਾਲਿਆਂ ਮੁੱਦਿਆਂ ਵਿੱਚ ਬੋਰਡ ਦੇ ਅਲਾਟੀਆਂ ਵੱਲੋਂ ਆਪਣੇ ਮਕਾਨਾਂ ਵਿੱਚ ਲੋੜ ਅਨੁਸਾਰ ਕੀਤੀਆਂ ਵਾਧੂ ਉਸਾਰੀਆਂ ਤੇ ਹੋਰ ਤਬਦੀਲੀਆਂ ਨੂੰ ਦਿੱਲੀ ਕਮੇਟੀ ਦੀ ਤਰਜ਼ ‘ਤੇ ਰੈਗੂਲਰ ਕਰਨ ਸਬੰਧੀ ਮਤਾ ਵੀ ਪੇਸ਼ ਕੀਤਾ ਜਾ ਰਿਹਾ ਹੈ। ਪਿਛਲੇ ਲਗਪਗ ਚਾਰ ਦਸ਼ਕਾਂ ਤੋਂ ਆਪਣੇ ਮਕਾਨਾਂ ਵਿੱਚ ਕੀਤੀਆਂ ਗਈਆਂ ਵਾਧੂ ਉਸਾਰੀਆਂ ਨੂੰ ਰੈਗੂਲਰ ਕਰਵਾਉਣ ਲਈ ਪੱਬਾਂ ਭਾਰ ਬੋਰਡ ਦੇ ਸ਼ਹਿਰ ਵਿੱਚ ਲਗਪਗ 60 ਅਲਾਟੀਆਂ ਲਈ ਇਹ ਮੀਟਿੰਗ ਖਾਸ ਮਹੱਤਵ ਰੱਖਦੀ ਹੈ। ਬੋਰਡ ਦੇ ਅਲਾਟੀਆਂ ਦੀ ਲਗਾਤਾਰ ਮੰਗ ਤੋਂ ਬਾਅਦ ਇਸ ਮੀਟਿੰਗ ਵਿੱਚ ਇਹ ਮੁੱਦਾ ਸ਼ਾਮਿਲ ਕੀਤਾ ਜਾ ਰਿਹਾ ਹੈ।
ਮੀਟਿੰਗ ਨੂੰ ਲੈ ਕੇ ਬੋਰਡ ਦੀ ਸੀਈਓ ਯਸ਼ਪਾਲ ਗਰਗ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਬੋਰਡ ਦੇ ਫਲੈਟਾਂ ਵਿੱਚ ਕੀਤੀਆਂ ਗਈਆਂ ਉਸਾਰੀਆਂ ਦੇ ਹੱਲ ਲਈ ਮਤਾ ਰਖਿਆ ਜਾ ਰਿਹਾ ਹੈ ਅਤੇ ਬੋਰਡ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਇਸ ਅੱਗੇ ਦੀ ਯੋਜਨਾ ਤੈਅ ਕੀਤੀ ਜਾਵੇਗੀ। ਚੰਡੀਗੜ੍ਹ ਹਾਊਸਿੰਗ ਬੋਰਡ ਰੈਜ਼ੀਡੈਂਟਸ ਵੈੱਲਫੇਅਰ ਫੈੱਡਰੈਸ਼ਨ ਦੇ ਚੇਅਰਮੈਨ ਪ੍ਰੋਫੈਸਰ ਨਿਰਮਲ ਦੱਤ ਦਾ ਕਹਿਣਾ ਹੈ ਕਿ ਬੋਰਡ ਦੇ ਅਲਾਟੀਆਂ ਵੱਲੋਂ ਕੀਤੀਆਂ ਗਈਆਂ ਲੋੜ ਅਨੁਸਾਰ ਉਸਾਰੀਆਂ ਨੂੰ ਰੈਗੂਲਰ ਕਰਨ ਲਈ ‘ਦਿੱਲੀ ਕਮੇਟੀ’ ਇੱਕ ਹੀ ਹੱਲ ਹੈ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਦੀ ਤਰਜ਼ ’ਤੇ ਚੰਡੀਗੜ੍ਹ ਵਿੱਚ ਵੀ ਬੋਰਡ ਦੇ ਅਲਾਟੀਆਂ ਨੂੰ ਮਕਾਨਾਂ ਵਿੱਚ ਕੀਤੀਆਂ ਗਈਆਂ ਉਸਾਰੀਆਂ ਨੂੰ ਰੈਗੂਲਰ ਕਰ ਕੇ ਰਾਹਤ ਦਿੱਤੀ ਜਾਵੇ।
ਡੱਬੀ-
ਬੋਰਡ ਦੇ ਅਲਾਟੀਆਂ ਦੀ ਜਥੇਬੰਦੀ ‘ਮਕਾਨ ਬਚਾਓ ਸਮਿਤੀ’ ਦਾ ਵਫ਼ਦ ਸਮਿਤੀ ਦੇ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਦੀ ਅਗਵਾਈ ਹੇਠ ਸਥਾਨਕ ਸੰਸਦ ਮੈਂਬਰ ਕਿਰਨ ਖੇਰ ਦੇ ਦਫਤਰ ਪੁੱਜਿਆ ਅਤੇ ਸ੍ਰੀਮਤੀ ਕਿਰਨ ਖੇਰ ਦੀ ਗੈਰਹਾਜ਼ਰੀ ਵਿੱਚ ਉਨ੍ਹਾਂ ਦੇ ਚੰਡੀਗੜ੍ਹ ਦਫਤਰ ਦਾ ਆਰਜ਼ੀ ਤੌਰ ’ਤੇ ਕੰਮ ਕਾਜ ਸੰਭਾਲ ਰਹੇ ਚੰਡੀਗੜ੍ਹ ਯੁਵਾ ਭਾਜਪਾ ਦੇ ਮੀਤ ਪ੍ਰਧਾਨ ਵਰਿੰਦਰ ਰਾਣਾ ਨੂੰ ਆਪਣਾ ਮੰਗ ਪੱਤਰ ਸੌਂਪਿਆ।
ਫੋਟੋ-
ਮਕਾਨ ਬਚਾਓ ਸਮਿਤੀ ਦਾ ਵਫ਼ਦ ਹਾਊਸਿੰਗ ਬੋਰਡ ਦੇ ਅਲਾਟੀਆਂ ਦੀਆਂ ਮੰਗਾਂ ਸਬੰਧੀ ਸੰਸਦ ਮੈਂਬਰ ਕਿਰਨ ਖੇਰ ਦੇ ਨਾਂ ਮੰਗ ਪੱਤਰ ਦਿੰਦਾ ਹੋਇਆ।